ਨਿੱਜੀ ਪੱਤਰ ਪ੍ਰੇਰਕ
ਧੂਰੀ, 9 ਨਵੰਬਰ
ਜ਼ਿਮਨੀ ਚੋਣ ਮੌਕੇ 10 ਨਵੰਬਰ ਦੇ ਬਰਨਾਲਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਅਤੇ ਮਾਰਚ ਸਬੰਧੀ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ ਹੈ। ਇਸੇ ਕੜੀ ਤਹਿਤ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਵੱਲੋਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸ਼ਰਮਾ, ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਅਤੇ ਜਨਰਲ ਸਕੱਤਰ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪੈਨਸ਼ਨਰਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਸਗੋਂ ਸਰਕਾਰ ਦਾ ਸਾਰਾ ਸਮਾਂ ਲਾਰਿਆਂ ਵਿੱਚ ਹੀ ਗ਼ੁਜ਼ਰ ਰਿਹਾ ਹੈ। ਮੁੱਖ ਮੰਤਰੀ ਅਨੇਕਾਂ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁੱਕਰ ਗਿਆ ਹੈ ਜਦੋਂ ਕਿ ਚੋਣ ਮੈਨੀਫੈਸਟੋ ਵਿੱਚ ਪੈਨਸ਼ਨਰਾਂ ਦੇ ਸਮੁੱਚੇ ਮਸਲੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਸੀ। ਪੈਨਸ਼ਨਰਾਂ ਦੀ ਮੁੱਖ ਮੰਗ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੈਨਸ਼ਨ ਦੀ ਸੁਧਾਈ 2.59 ਫੈਕਟਰ ਨਾਲ ਕਰਨ ਦੀ ਸੀ ਜਿਸ ਪ੍ਰਤੀ ਸਰਕਾਰ ਘੇਸਲ ਮਾਰੀ ਬੈਠੀ ਹੈ। ਇਸ ਦੇ ਨਾਲ ਹੀ 1 ਜੁਲਾਈ 2021 ਤੋਂ ਛੇਵੇਂ ਤਨਖਾਹ ਸਕੇਲਾਂ ਦਾ ਬਕਾਇਆ, ਕਮਾਈ ਛੁੱਟੀ ਦੇ ਸੋਧੇ ਹੋਏ ਬਕਾਏ ਅਤੇ ਡੀ ਏ ਦੀਆਂ ਬਣਦੀਆਂ ਕਿਸ਼ਤਾਂ ਤੇ ਬਕਾਇਆ ਅਤੇ ਫਿਕਸ ਮੈਡੀਕਲ ਭੱਤੇ ਦੇ ਵਾਧੇ ਬਾਰੇ ਸਰਕਾਰ ਨੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ।