ਪੱਤਰ ਪ੍ਰੇਰਕ
ਪਾਇਲ 9 ਨਵੰਬਰ
ਨੇੜਲੇ ਪਿੰਡ ਜਰਗ ਦੇ ਟਕਸਾਲੀ ਅਕਾਲੀ ਆਗੂ ਤੇ ਸਾਬਕਾ ਸਮਿਤੀ ਮੈਂਬਰ ਨਰਿੰਦਰ ਸਿੰਘ ਜਰਗ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਸਮੇਲ ਸਿੰਘ ਬੌਂਦਲੀ ਵੱਲੋਂ ਪਾਰਟੀ ਚੋਂ ਬਰਖਾਸਤ ਕਰਨ ਦੀ ਖਬਰ ਨੇ ਇਲਾਕੇ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਬਾਰੇ ਪੁੱਛੇ ਜਾਣ ’ਤੇ ਨਰਿੰਦਰ ਸਿੰਘ ਜਰਗ ਨੇ ਕਿਹਾ ਕਿ ਉਨ੍ਹਾ ਦਾ ਪਰਿਵਾਰ ਮੁੱਢ ਤੋਂ ਅਕਾਲੀ ਸੀ, ਅਕਾਲੀ ਹੈ ਤੇ ਅਕਾਲੀ ਹੀ ਰਹੇਗਾ। ਉਨ੍ਹਾਂ ਨੂੰ ਕਿਸੇ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਨਾਲ ਹਮੇਸ਼ਾ ਚਟਾਨ ਵਾਂਗ ਖੜ੍ਹੇ ਹਨ ਤੇ ਔਖੇ ਸਮੇਂ ਵੀ ਪਾਰਟੀ ਦਾ ਸਾਥ ਦਿੱਤਾ ਹੈ, ਕਦੇ ਅਕਾਲੀ ਦਲ ਨੂੰ ਪਿੱਠ ਨਹੀਂ ਦਿਖਾਈ। ਸ੍ਰੀ ਜਰਗ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਵੱਲੋਂ ਬਰਖਾਸਤ ਕੀਤੇ ਜਾਣ ਦੀ ਖ਼ਬਰ ਉਨ੍ਹਾਂ ਲਈ ਵੀ ਹੈਰਾਨੀ ਵਾਲੀ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਉਨ੍ਹਾਂ ਕੋਲ ਪਾਰਟੀ ਦਾ ਕੋਈ ਅਧਿਕਾਰਤ ਅਹੁਦਾ ਵੀ ਨਹੀਂ ਹੈ। ਜਰਗ ਨੇ ਕਿਹਾ ਕਿ ਜਸਮੇਲ ਸਿੰਘ ਬੌਂਦਲੀ ਖੁਦ ਕਈ ਵਾਰ ਪਾਰਟੀ ਤੋਂ ਭਗੌੜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ‘ਆਪ’ ਤੇ ਕਾਂਗਰਸ ਦਾ ਸਾਥ ਦੇਣ ਵਾਲਿਆਂ ਦਾ ਵੇਰਵਾ ਉਹ ਹਾਈਕਮਾਂਡ ਕੋਲ ਪੇਸ਼ ਕਰਨਗੇ।