ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 10 ਨਵੰਬਰ
ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਤੇ ਹੋਰਨਾਂ ਫ਼ਸਲਾਂ ਦੀ ਬਿਜਾਈ ਲਈ ਨਿਰਵਿਘਨ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਖਾਦਾਂ ਦੀ ਜਮ੍ਹਾਂਖੋਰੀ, ਕੀਮਤ ਵੱਧ ਵਸੂਲਣ ਤੇ ਖਾਦ ਨਾਲ ਹੋਰ ਸਾਮਾਨ ਵੇਚਣ ਵਾਲਿਆਂ ’ਤੇ ਨਕੇਲ ਕਸੀ ਜਾ ਸਕੇ। ਤਹਿਸੀਲਦਾਰ ਸ਼ੀਸ਼ ਪਾਲ, ਖੇਤੀਬਾੜੀ ਅਫ਼ਸਰ ਡਾ. ਕੁਲਵੀਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਕੁਲਦੀਪ ਕੌਰ ਵੱਲੋਂ ਸਥਾਨਕ ਖਾਦ ਵਿਕਰੇਤਾਵਾਂ ਅਤੇ ਡੀਲਰਾਂ ਦੇ ਸਟਾਕ ਦੀ ਜਾਂਚ ਕੀਤੀ ਗਈ। ਤਹਿਸੀਲਦਾਰ ਸ਼ੀਸ ਪਾਲ ਨੇ ਦੱਸਿਆ ਕਿ ਜੇ ਕੋਈ ਖਾਦ ਵਿਕਰੇਤਾ ਕਿਸਾਨਾਂ ਨੂੰ ਡੀਏਪੀ ਖਾਦ ਉਪਲਬੱਧ ਹੋਣ ਦੇ ਬਾਵਜੂਦ ਮਨ੍ਹਾਂ ਕਰੇਗਾ ਜਾਂ ਡੀਏਪੀ ਖਾਦ ਨਾਲ ਟੈਗਿੰਗ ਕਰੇਗਾ ਜਾਂ ਖਾਦ ਨੂੰ ਕੰਟਰੋਲਡ ਕੀਮਤ ਤੋਂ ਵੱਧ ਵੇਚੇਗਾ ਤਾਂ ਉਸ ਖਾਦ ਵਿਕਰੇਤਾ ਦਾ ਲਾਇਸੈਂਸ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਜਾਵੇਗਾ ਅਤੇ ਉਸ ਦੇ ਖ਼ਿਲਾਫ਼ ਖਾਦ ਕੰਟਰੋਲ ਆਰਡਰ 1985 ਦੇ ਤਹਿਤ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਖੇਤੀਬਾੜੀ ਅਫ਼ਸਰ ਡਾ. ਕੁਲਵੀਰ ਸਿੰਘ ਨੇ ਜ਼ਿਲ੍ਹੇ ਦੇ ਖਾਦ ਵਿਕਰੇਤਾਵਾਂ ਨੂੰ ਆਪਣੇ ਸਟਾਕ ਦਾ ਪੂਰਾ ਰਿਕਾਰਡ ਰੱਖਣ ਦੀ ਹਦਾਇਤ ਕੀਤੀ। ਖੇਤੀਬਾੜੀ ਵਿਕਾਸ ਅਫ਼ਸਰ ਕਲਦੀਪ ਕੌਰ ਨੇ ਜ਼ਿਲ੍ਹੇ ਅੰਦਰ ਡੀਏਪੀ ਖਾਦ ਦੇ ਨਾਲ ਬਦਲਵੀਆਂ ਫਾਸਫੇਟਿਕ ਖਾਦਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ ਜਾਂ ਹੋਰ ਕੋਈ ਵੀ ਖੇਤੀਬਾੜੀ ਦਾ ਸਾਮਾਨ ਖ਼ਰੀਦਣ ਸਮੇਂ ਪੱਕਾ ਬਿੱਲ ਜ਼ਰੂਰ ਲੈਣ।
ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਤੇ ਗੁਦਾਮਾਂ ’ਚੋਂ ਸੈਂਪਲ ਭਰੇ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਇਥੇ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਤੇ ਗੁਦਾਮਾਂ ਦੀ ਜਾਂਚ ’ਤੇ ਸੈਂਪਲ ਭਰਨ ਤੋਂ ਇਲਾਵਾ ਦੁਕਾਨਾਂ ’ਚ ਪਿਆ ਖਾਦਾਂ ਦਾ ਸਟਾਕ ਚੈੱਕ ਕੀਤਾ ਗਿਆ। ਐੱਸਡੀਐੱਮ ਪਟਿਆਲਾ ਮਨਜੀਤ ਕੌਰ ਨੇ ਸਹਿਕਾਰੀ ਸਭਾ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਦਸਮੇਸ਼ ਫਰਟੀਲਾਈਜ਼ਰ ਪਾਤੜਾਂ, ਜ਼ਿਮੀਂਦਾਰਾਂ ਫਰਟੀਲਾਈਜ਼ਰ ਤੇ ਕੀਟਨਾਸ਼ਕ ਪਾਤੜਾਂ, ਭਿੰਡਰ ਪੈਸਟੀਸਾਈਡ ਤੇ ਮੁਕੇਸ਼ ਖਾਦ ਸਟੋਰ ਪਾਤੜਾਂ ਦੇ ਸਟਾਕ ਦੀ ਚੈਕਿੰਗ ਕੀਤੀ ਗਈ।