ਗੁਰਿੰਦਰ ਸਿੰਘ
ਲੁਧਿਆਣਾ, 10 ਨਵੰਬਰ
ਸਥਾਨਕ ਸੀਐੱਮਸੀ ਚੌਕ ਨੇੜੇ ਜੁੱਤੀਆਂ ਦੀ ਦੁਕਾਨ ਦੇ ਮਾਲਕ ਪ੍ਰਿੰਕਲ ਅਤੇ ਉਸ ਦੀ ਸਾਥਣ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਅੱਜ ਤੀਜੇ ਮੁਲਜ਼ਮ ਆਕਾਸ਼ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਰਮਸਰ ਰੋਡ ਟਿੱਬਾ ਦਾ ਰਹਿਣ ਵਾਲਾ ਹੈ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਲਈ ਕਈ ਥਾਈਂ ਸਰਗਰਮੀ ਨਾਲ ਛਾਪਾਮਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਆਕਾਸ਼ ਨੂੰ ਪੁਲੀਸ ਪਾਰਟੀ ਨੇ ਰਾਜਪੁਰਾ ਜੀਟੀ ਰੋਡ ਤੋਂ ਕਾਬੂ ਕੀਤਾ ਹੈ। ਆਕਾਸ਼ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ।
ਡਿਪਟੀ ਕਮਿਸ਼ਨਰ ਇਨਵੈਸਟੀਗੇਸ਼ਨ ਸ਼ੁਭਮ ਅਗਰਵਾਲ ਤੇ ਵਧੀਕ ਡਿਪਟੀ ਕਮਿਸ਼ਨਰ ਇਨਵੈਸਟੀਗੇਸ਼ਨ ਦੀ ਦੇਖ ਰੇਖ ਹੇਠ ਚੱਲ ਰਹੀ ਕਾਰਵਾਈ ਦੌਰਾਨ ਏਸੀਪੀ ਅਮਨਦੀਪ ਸਿੰਘ ਬਰਾੜ ਦੇ ਨਿਰਦੇਸ਼ ਤਹਿਤ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਇਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੋਰ ੍ਵਮੁਲਜ਼ਮ ਵੀ ਸ਼ਹਿਰ ਛੱਡ ਕੇ ਵੱਖ-ਵੱਖ ਥਾਵਾਂ ’ਤੇ ਚਲੇ ਗਏ ਹਨ। ਪੁਲੀਸ ਵੱਲੋਂ ਸਾਰੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਨਾਲ ਜੁੜੇ ਦੋ ਮੁਲਜ਼ਮਾਂ ਦੀਆਂ ਤਾਰਾਂ ਨਾਭਾ ਜੇਲ ਬਰੇਕ ਕਾਂਡ ਨਾਲ ਵੀ ਜੁੜੀਆਂ ਹੋਈਆਂ ਹਨ। ਦੱਸ ਦਈਏ ਕਿ ਰਿਸ਼ਭ ਬੈਨੀਪਾਲ ਨਾਭਾ ਜੇਲ੍ਹ ਵਿੱਚ ਬੰਦ ਸੀ ਤੇ ਸਾਲ ਪਹਿਲਾਂ ਹੀ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਨਾਭਾ ਜੇਲ੍ਹ ਵਿੱਚ ਹੀ ਉਹ ਇਸ ਵਾਰਦਾਤ ਵਿੱਚ ਸ਼ਾਮਲ ਹੋਰਨਾਂ ਮੁਲਜ਼ਮਾਂ ਦੇ ਸੰਪਰਕ ਵਿੱਚ ਆਇਆ ਸੀ। ਪੁਲੀਸ ਨੇ ਮੁਲਜ਼ਮ ਆਕਾਸ਼ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਤੇ ਦੋ ਕਾਰਤੂਸ ਵੀ ਬਰਾਮਦ ਕੀਤੇ ਹਨ। ਇੱਥੇ ਵਰਨਣਯੋਗ ਹੈ ਕਿ ਸ਼ੁਕਰਵਾਰ ਸ਼ਾਮ ਨੂੰ ਦੋ ਵਾਹਨਾਂ ’ਤੇ ਆਏ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ਦੀ ਜੁੱਤੀਆਂ ਦੀ ਦੁਕਾਨ ਵਿੱਚ ਵੜ ਕੇ ਅੰਨ੍ਹੇ ਵਾਹ ਗੋਲੀਆਂ ਚਲਾਈਆਂ ਸਨ ਜਿਸ ਦੌਰਾਨ ਪ੍ਰਿੰਕਲ ਤੇ ਉਸ ਦੀ ਦੋਸਤ ਸਖ਼ਤ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਘਟਨਾ ਤੋਂ ਤੁਰੰਤ ਬਾਅਦ ਦੁਕਾਨ ਦੇ ਨਾਲ ਪੈਂਦੇ ਸੀਐਮਸੀ ਹਸਪਤਾਲ ਲਿਜਾਇਆ ਗਿਆ ਸੀ ਪਰ ਲੜਕੀ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਫੋਰਟਿਸ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਬੀਤੀ ਰਾਤ ਅਪਰੇਸ਼ਨ ਕਰਕੇ ਗੋਲੀਆਂ ਕੱਢ ਦਿੱਤੀਆਂ ਹਨ ਪਰ ਸਿਹਤ ਹਾਲੇ ਵੀ ਗੰਭੀਰ ਸਥਿਤੀ ਵਿੱਚ ਹੈ।