ਸਰਾਏਕੇਲਾ, 11 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਝਾਰਖੰਡ ’ਚ ਜੇ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਘੁਸਪੈਠੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸੂਬੇ ’ਚੋਂ ਬਾਹਰ ਕੱਢਣ ਤੋਂ ਇਲਾਵਾ ਉਨ੍ਹਾਂ ਵੱਲੋਂ ਹੜੱਪੀ ਜ਼ਮੀਨ ਵਾਪਸ ਲੈਣ ਲਈ ਕਮੇਟੀ ਬਣਾਈ ਜਾਵੇਗੀ। ਸ਼ਾਹ ਨੇ ਕਿਹਾ ਕਿ ਇਸ ਤੋਂ ਇਲਾਵਾ ਆਦਿਵਾਸੀ ਮਹਿਲਾਵਾਂ ਨਾਲ ਵਿਆਹ ਕਰਨ ’ਤੇ ਘੁਸਪੈਠੀਆਂ ਨੂੰ ਜ਼ਮੀਨ ਤਬਦੀਲ ਕਰਨ ਤੋਂ ਰੋਕਣ ਲਈ ਕਾਨੂੰਨ ਲਿਆਂਦਾ ਜਾਵੇਗਾ। ਉਨ੍ਹਾਂ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਹੇਠਲੀ ਸਰਕਾਰ ’ਤੇ ਬੰਗਲਾਦੇਸ਼ੀ ਘੁਸਪੈਠੀਆਂ ਪੁਸ਼ਤ ਪਨਾਹੀ ਦਾ ਦੋਸ਼ ਲਾਇਆ। ਸ਼ਾਹ ਨੇ ਸਰਾਏਕੇਲਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਝਾਰਖੰਡ ’ਚ ਆਦਿਵਾਸੀਆਂ ਦੀ ਅਬਾਦੀ ਘੱਟ ਰਹੀ ਹੈ। ਘੁਸਪੈਠੀਏ ਸਾਡੀਆਂ ਧੀਆਂ ਨਾਲ ਵਿਆਹ ਕਰਕੇ ਜ਼ਮੀਨਾਂ ਹੜੱਪ ਰਹੇ ਹਨ। ਅਸੀਂ ਆਦਿਵਾਸੀ ਮਹਿਲਾਵਾਂ ਨਾਲ ਵਿਆਹ ਕਰਨ ’ਤੇ ਘੁਸਪੈਠੀਆਂ ਨੂੰ ਜ਼ਮੀਨ ਤਬਦੀਲ ਕਰਨ ਤੋਂ ਰੋਕਣ ਲਈ ਕਾਨੂੰਨ ਲਿਆਵਾਂਗੇ। ਅਸੀਂ ਘੁਸਪੈਠੀਆਂ ਦੀ ਪਛਾਣ ਕਰਨ ਲਈ ਕਮੇਟੀ ਵੀ ਬਣਾਵਾਂਗੇ ਤਾਂ ਜੋ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਉਨ੍ਹਾਂ ਵੱਲੋਂ ਹੜੱਪੀ ਗਈ ਜ਼ਮੀਨ ਵਾਪਸ ਲਈ ਜਾ ਸਕੇ।’ -ਪੀਟੀਆਈ
‘ਕਾਂਗਰਸ ਦਾ ਡੁਬਦਾ ਜਹਾਜ਼ ਸੋਰੇਨ ਨੂੰ ਨਹੀਂ ਬਚਾਅ ਸਕਦਾ’
ਰਾਂਚੀ:
ਕਾਂਗਰਸ ਨੂੰ ਡੁੱਬਦਾ ਜਹਾਜ਼ ਕਰਾਰ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਉਹ (ਕਾਂਗਰਸ) ਚੋਣਾਂ ’ਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਨਹੀਂ ਬਚਾ ਸਕਦੀ। ਸ਼ਾਹ ਨੇ ਰਾਂਚੀ ਜ਼ਿਲ੍ਹੇ ਦੇ ਤਮਾਰ ’ਚ ਵਾਅਦਾ ਕੀਤਾ ਕਿ ਚੋਣਾਂ ਮਗਰੋਂ ਭਾਜਪਾ ਜੇ ਸੱਤਾ ’ਚ ਆਈ ਤਾਂ ਉਹ ਅਗਲੇ ਪੰਜ ਸਾਲਾਂ ’ਚ ਇਸ ਨੂੰ ਸਭ ਤੋਂ ਵੱਧ ਖੁਸ਼ਹਾਲ ਸੂਬਾ ਬਣਾ ਦੇਵੇਗੀ। ਸ਼ਾਹ ਨੇ ਦੋਸ਼ ਲਾਇਆ ਕਿ ਜੇਐੱਮਐੱਮ ਤੇ ਕਾਂਗਰਸ ਆਦਿਵਾਸੀਆਂ ਨੂੰ ਸਿਰਫ਼ ਵੋਟ ਬੈਂਕ ਸਮਝਦੀਆਂ ਹਨ। ਉਹ ਉਨ੍ਹਾਂ ਦਾ ਸਨਮਾਨ ਨਹੀਂ ਕਰਦੀਆਂ। -ਪੀਟੀਆਈ