ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਨਵੰਬਰ
ਇੱਥੇ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਦੇ ਦੋ ਕਮਰਿਆਂ ’ਤੇ ਹੋਮਗਾਰਡ ਦਾ ਸੱਤ ਸਾਲਾਂ ਤੋਂ ਚੱਲਿਆ ਆ ਰਿਹਾ ਕਬਜ਼ਾ ਪ੍ਰਸ਼ਾਸਨ ਦੀ ਕਾਰਵਾਈ ਮਗਰੋਂ ਦਿੱਤੇ ਭਰੋਸੇ ਦੇ ਬਾਵਜੂਦ ਅਜੇ ਤੱਕ ਨਹੀਂ ਛੁੱਟਿਆ। ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਬੀਤੇ ਹਫ਼ਤੇ ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰ ਮੌਕੇ ’ਤੇ ਪਹੁੰਚੇ ਸਨ।
ਇਸ ਮੌਕੇ ਹੋਮਗਾਰਡ ਦੇ ਅਧਿਕਾਰੀ ਵੀ ਹਾਜ਼ਰ ਸਨ। ਇਸ ਸਮੇਂ ਫ਼ੈਸਲਾ ਹੋਇਆ ਕਿ ਸੋਮਵਾਰ ਨੂੰ ਮੁਕੰਮਲ ਕਬਜ਼ਾ ਸਕੂਲ ਹਵਾਲੇ ਕਰ ਦਿੱਤਾ ਜਾਵੇਗਾ ਪਰ ਅੱਜ ਅਜਿਹਾ ਨਾ ਹੋਣ ਕਰਕੇ ਇਸ ਮੁੱਦੇ ’ਤੇ ਸੰਘਰਸ਼ ਕਰਦੀ ਆ ਰਹੀ ਕਮੇਟੀ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਨੇ 14 ਨਵੰਬਰ ਨੂੰ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਡੈਮੋਕਰੇਟਿਕ ਟੀਚਰਜ਼ ਫਰੰਟ ਬਲਾਕ ਜਗਰਾਉਂ ਅਤੇ ਬਲਾਕ ਸਿੱਧਵਾਂ ਬੇਟ-1 ਨੇ ਅੱਜ ਮੀਟਿੰਗ ਕਰਕੇ ਧਰਨੇ ਸਬੰਧੀ ਐਲਾਨ ਕੀਤਾ। ਉਨ੍ਹਾਂ ਬੇਸਿਕ ਸਕੂਲ ਦੀ ਇਮਾਰਤ ਦੇ ਇੱਕ ਹਿੱਸੇ ਉੱਤੇ ਹੋਮਗਾਰਡ ਦਫ਼ਤਰ ਵਲੋਂ ਕਬਜ਼ਾ ਨਾ ਛਡਣ ਦਾ ਸਖ਼ਤ ਨੋਟਿਸ ਲਿਆ।
ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਜਾਰੀ ਹੁਕਮਾਂ ’ਤੇ ਵੀ ਅਮਲ ਨਹੀਂ ਕੀਤਾ ਜਾ ਰਿਹਾ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਆਪਕ ਵਿਦਿਆਰਥੀਆਂ ਦੀਆਂ ਜਮਾਤਾਂ ਬਾਹਰ ਲਗਾਉਣ ਲਈ ਮਜਬੂਰ ਹਨ।
ਜਥੇਬੰਦੀ ਦੇ ਆਗੂ ਦਵਿੰਦਰ ਸਿੰਘ ਸਿੱਧੂ, ਹਰਦੀਪ ਸਿੰਘ ਰਸੂਲਪੁਰ, ਰਾਣਾ ਆਲਮਦੀਪ ਅਤੇ ਪਰਮਜੀਤ ਦੁੱਗਲ ਨੇ ਐਲਾਨ ਕੀਤਾ ਕਿ 14 ਨਵੰਬਰ ਨੂੰ ਸੀਨੀਅਰ ਸਿਟੀਜ਼ਨਜ਼ ਸੰਘਰਸ਼ ਕਮੇਟੀ ਦੇ ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ ਡੀਟੀਐੱਫ ਜਥੇਬੰਦੀ ਵਲੋਂ ਹੋਰ ਜਨਤਕ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਛੇੜਿਆ ਜਾਵੇਗਾ। ਇਹ ਧਰਨਾ ਸੰਕੇਤਕ ਹੋਵੇਗਾ ਜੋ 12:30 ਤੋਂ 2:30 ਤੱਕ ਲਾਇਆ ਜਾਵੇਗਾ ਪਰ ਫਿਰ ਵੀ ਕਾਰਵਾਈ ਨਾ ਹੋਈ ਤਾਂ ਵੱਡੇ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਇਸ ਮੌਕੇ ਅਮਨਦੀਪ ਸਿੰਘ, ਬਲਦੇਵ ਸਿੰਘ, ਲਾਲ ਬਹਾਦਰ, ਸੰਦੀਪ ਕੁਮਾਰ, ਬਲਦੇਵ ਕੁਮਾਰ, ਹਰਵਿੰਦਰ ਸਿੰਘ, ਜਗਰੂਪ ਸਿੰਘ, ਸੁਨੀਲ ਕੁਮਾਰ, ਹਰਪ੍ਰੀਤ ਸਿੰਘ ਅਤੇ ਮਨੀਸ਼ ਕੁਮਾਰ ਹਾਜ਼ਰ ਸਨ।