ਪੱਤਰ ਪ੍ਰੇਰਕ
ਟੋਹਾਣਾ, 11 ਨਵੰਬਰ
ਇੱਥੋਂ ਨੇੜਲੇ ਪਿੰਡ ਨੱਥੂਵਾਲ ਦੇ ਇੱਕ ਫੌਜੀ ਦੇ ਘਰੋਂ ਚੋਰ ਢਾਈ ਲੱਖ ਰੁਪਏ ਦੀ ਨਕਦੀ ਅਤੇ ਕਰੀਬ ਤਿੰਨ ਲੱਖ ਦੇ ਗਹਿਣੇ ਚੋਰੀ ਕਰਕੇ ਲੈ ਗਏ। ਚੋਰੀ ਹੋਣ ਵੇਲੇ ਫੌਜੀ ਆਪਣੇ ਸਹੁਰੇ ਘਰ ਸਾਲੇ ਦੇ ਵਿਆਹ ਵਿੱਚ ਗਿਆ ਹੋਇਆ ਸੀ। ਇਥੋਂ ਦੇ ਪਿੰਡ ਨੱਥੂਵਾਲ ਦਾ ਫ਼ੌਜੀ ਨੌਜਵਾਨ ਸੁਖਵਿੰਦਰ ਸਿੰਘ ਆਪਣੇ ਸਾਲੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਛੁੱਟੀ ਲੈ ਕੇ ਪਰਿਵਾਰ ਸਮੇਤ ਬੁਢਲਾਡਾ ਸਹੁਰੇ ਘਰ ਪੁੱਜਿਆ। ਇਸ ਦੌਰਾਨ ਰਾਤ ਦਸ ਵਜੇ ਫ਼ੌਜੀ ਦੇ ਚਚੇਰੇ ਭਰਾ ਅਵਤਾਰ ਸਿੰਘ ਨੇ ਘਰ ਦੇ ਤਾਲੇ ਟੁੱਟੇ ਹੋਣ ਦੀ ਸੂਚਨਾ ਦਿੱਤੀ। ਫ਼ੌਜੀ ਪਰਿਵਾਰ ਸਮੇਤ ਘਰ ਪੁੱਜਿਆ ਤਾਂ ਇਸ ਸਬੰਧੀ ਜਾਖਲ ਪੁਲੀਸ ਨੂੰ ਸੂਚਿਤ ਕੀਤਾ ਗਿਆ। ਫ਼ੌਜੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚੋਰ ਘਰੋਂ ਢਾਈ ਲੱਖ ਰੁਪਏ ਦੀ ਨਕਦੀ ਤੇ ਕਰੀਬ ਤਿੰਨ ਲੱਖ ਦੇ ਗਹਿਣੇ ਲੈ ਗਏ। ਇਸ ਦੌਰਾਨ ਪੁਲੀਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।