ਰਾਏਪੁਰ (ਛੱਤੀਸਗੜ੍ਹ), 12 ਨਵੰਬਰ
ਮੁੰਬਈ ਪੁਲੀਸ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਮੰਗਲਵਾਰ ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਇਕ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਹਰੁਖ਼ ਨੂੰ ਬੀਤੇ ਹਫ਼ਤੇ ਅਜਿਹੀ ਧਮਕੀ ਦਿੱਤੀ ਗਈ ਸੀ।
ਮੁੰਬਈ ਪੁਲੀਸ ਨੇ ਇਸ ਸਬੰਧ ਵਿਚ ਜਾਂਚ ਕਰਨ ਲਈ ਬੀਤੀ 7 ਨਵੰਬਰ ਨੂੰ ਰਾਏਪੁਰ ਦਾ ਦੌਰਾ ਕੀਤਾ ਸੀ ਅਤੇ ਪੁੱਛ-ਗਿੱਛ ਲਈ ਫ਼ੈਜ਼ਾਨ ਖ਼ਾਨ ਨੂੰ ਤਲਬ ਕੀਤਾ ਸੀ, ਜੋ ਪੇਸ਼ੇ ਵਜੋਂ ਇਕ ਵਕੀਲ ਹੈ।
ਰਾਏਪੁਰ ਦੇ ਸੀਨੀਅਰ ਪੁਲੀਸ ਕਪਤਾਨ (SSP) ਸੰਤੋਸ਼ ਸਿੰਘ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਮੁੰਬਈ ਪੁਲੀਸ ਨੇ ਮੰਗਲਵਾਰ ਸਵੇਰੇ ਰਾਏਪੁਰ ਪੁਲੀਸ ਨੂੰ ਇਤਲਾਹ ਦਿੱਤੀ ਕਿ ਉਨ੍ਹਾਂ ਨੇ ਸ਼ਾਹਰੁਖ਼ ਖ਼ਾਨ ਨੂੰ ਕੀਤੀ ਗਈ ਧਮਕੀ ਭਰੀ ਕਾਲ ਦੀ ਜਾਂਚ ਦੇ ਹਿੱਸੇ ਵਜੋਂ ਫ਼ੈਜ਼ਾਨ ਖ਼ਾਨ ਨੂੰ ਪੰਡਰੀ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਅਦਾਕਾਰ ਨੂੰ ਧਮਕੀ ਵਾਲੀ ਕਾਲ ਫ਼ੈਜ਼ਾਨ ਦੇ ਨਾਂ ‘ਤੇ ਰਜਿਸਟਰਡ ਫੋਨ ਨੰਬਰ ਰਾਹੀਂ ਕੀਤੀ ਗਈ ਸੀ।
ਉਂਝ ਪੁੱਛ-ਗਿੱਛ ਦੌਰਾਨ ਵਕੀਲ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਫੋਨ ਗਵਾਚ ਗਿਆ ਸੀ ਅਤੇ ਉਸ ਨੇ ਇਸ ਸਬੰਧ ਵਿੱਚ 2 ਨਵੰਬਰ ਨੂੰ ਖਮਾਰਡੀਹ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਐੱਸਐੱਸਪੀ ਸੰਤੋਸ਼ ਸਿੰਘ ਨੇ ਕਿਹਾ ਕਿ ਮੁੰਬਈ ਪੁਲੀਸ ਫ਼ੈਜ਼ਾਨ ਨੂੰ ਰਾਏਪੁਰ ਦੀ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕਰੇਗੀ।
ਸ਼ਾਹਰੁਖ਼ ਖ਼ਾਨ ਨੂੰ ਇਹ ਧਮਕੀ ਸਾਥੀ ਅਦਾਕਾਰ ਸਲਮਾਨ ਖ਼ਾਨ (Salman Khan) ਨੂੰ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi gang) ਵੱਲੋਂ ਦਿੱਤੀਆਂ ਗਈਆਂ ਧਮਕੀਆਂ ਦੀ ਲੜੀ ਤੋਂ ਬਾਅਦ ਮਿਲੀ ਹੈ। -ਪੀਟੀਆਈ