* ਐੱਮਵੀਏ ਗੱਠਜੋੜ ਸਰਕਾਰ ਬਣਨ ’ਤੇ ਸੋਇਆਬੀਨ ਤੇ ਕਪਾਹ/ਨਰਮੇ ਦੇ ਵਾਜਬ ਭਾਅ ਦਾ ਵਾਅਦਾ
ਗੋਂਦੀਆ (ਮਹਾਰਾਸ਼ਟਰ), 12 ਨਵੰਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਅਤੇ ਆਰਐੱਸਐੱਸ (ਰਾਸ਼ਟਰੀ ਸਵੈਮਸੇਵਕ ਸੰਘ) ਸੰਵਿਧਾਨ ਨੂੰ ਖਤਮ ਕਰਨ ਲਈ ਚੌਵੀ ਘੰਟੇ ਕੰਮ ਕਰ ਰਹੇ ਹਨ। ਮਹਾਰਾਸ਼ਟਰ ’ਚ 20 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਪੂਰਬੀ ਹਿੱਸੇ ’ਚ ਪੈਂਦੇ ਗੋਂਦੀਆ ਵਿੱਚ ਚੋਣ ਰੈਲੀ ਦੌਰਾਨ ਰਾਹੁਲ ਨੇ ਆਖਿਆ ਕਿ ਉਹ ‘ਗਾਰੰਟੀ’ ਨਾਲ ਕਹਿ ਸਕਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਨਹੀਂ ਪੜ੍ਹਿਆ, ਨਹੀਂ ਤਾਂ ਉਹ ਉਸ ਵਿੱਚ ਲਿਖੀਆਂ ਗੱਲਾਂ ਦਾ ਸਨਮਾਨ ਕਰਦੇ। ਉਨ੍ਹਾਂ ਕਿਹਾ ਕਿ ਲੋਕ ਸ੍ਰੀ ਮੋਦੀ ਨੂੰ ਇਹ ਸਵਾਲ ਕਰਨ ਕਿ ਪਿਛਲੇ ਦਸ ਸਾਲਾਂ ’ਚ ਉਨ੍ਹਾਂ ਨੇ ਕਿੰਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ। ਕਾਂਗਰਸੀ ਆਗੂ ਨੇ ਆਖਿਆ ਕਿ ਜੇਕਰ ਮਹਾਰਾਸ਼ਟਰ ’ਚ ਮਹਾ ਵਿਕਾਸ ਅਘਾੜੀ ਗੱਠਜੋੜ (ਐੱਮਵੀਏ) ਸੱਤਾ ’ਚ ਆਉਂਦਾ ਹੈ ਤਾਂ ਸੂਬੇ ’ਚ ਸੋਇਆਬੀਨ, ਕਪਾਹ/ਨਰਮੇ ਦੇ ਕਾਸ਼ਤਾਕਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀ ਵਾਜਬ ਭਾਅ ਮਿਲੇਗਾ ਜਦਕਿ ਗਰੀਬਾਂ ਨੂੰ ਮੁਫ਼ਤ ਸਿਹਤ ਬੀਮਾ ਮਿਲੇਗਾ। ਐੱਮਵੀਏ ਗੱਠਜੋੜ ਵਿੱਚ ਕਾਂਗਰਸ, ਐੱਨਸੀਪੀ (ਐੱਸਪੀ) ਅਤੇ ਸ਼ਿਵ ਸੈਨਾ (ਯੂਬੀਟੀ) ਸ਼ਾਮਲ ਹਨ। -ਪੀਟੀਆਈ
ਜਹਾਜ਼ ’ਚ ਤਕਨੀਕੀ ਨੁਕਸ ਕਾਰਨ ਰਾਹੁਲ ਗਾਂਧੀ ਦੀ ਚਿਖਲੀ ਰੈਲੀ ਰੱਦ
ਬੁਲਧਾਨਾ:
ਰਾਹੁਲ ਗਾਂਧੀ ਦੇ ਜਹਾਜ਼ ’ਚ ਤਕਨੀਕੀ ਖਰਾਬੀ ਆਉਣ ਕਾਰਨ ਬੁਲਧਾਨਾ ਜ਼ਿਲ੍ਹੇ ਦੇ ਚਿਖਲੀ ’ਚ ਅੱਜ ਹੋਣ ਵਾਲੀ ਉਨ੍ਹਾਂ ਦੀ ਚੋਣ ਰੈਲੀ ਰੱਦ ਕਰ ਦਿੱਤੀ ਗਈ। ਰਾਹੁਲ ਨੇ ਮਹਾਰਾਸ਼ਟਰ ਅਸੈਂਬਲੀ ਚੋਣਾਂ ਕਾਂਗਰਸੀ ਉਮੀਦਵਾਰ ਰਾਹੁਲ ਬੋਂਦਰੇ ਦੇ ਹੱਕ ’ਚ ਚਿਖਲੀ ਵਿੱਚ ਅੱਜ 12.30 ਰੈਲੀ ਨੂੰ ਸੰਬੋਧਨ ਕਰਨਾ ਸੀ। ਕਾਂਗਰਸੀ ਆਗੂ ਨੇ ਇੱਕ ਵੀਡੀਓ ਜਾਰੀ ਕਰਕੇ ਰੈਲੀ ਰੱਦ ਕਰਨ ਦਾ ਕਾਰਨ ਦੱਸਿਆ ਹੈ। ਰਾਹੁਲ ਨੇ ਕਿਹਾ, ‘‘ਮੈਂ ਅੱਜ ਚਿਖਲੀ ਆਉਣਾ ਸੀ, ਪਰ ਮੇਰੀ ਉਡਾਣ ’ਚ ਤਕਨੀਕੀ ਖਰਾਬੀ ਕਾਰਨ ਮੈਂ ਨਹੀਂ ਆ ਸਕਿਆ। ਮੈਂ ਇਸ ਲਈ ਮੁਆਫ਼ੀ ਚਾਹੁੰਦਾ ਹਾਂ। ਮੈਂ ਜਨਤਕ ਰੈਲੀ ਨੂੰ ਸੰਬੋਧਨ ਕਰਨਾ ਤੇ ਸੋਇਆਬੀਨ ਕਾਸ਼ਤਕਾਰ ਕਿਸਾਨਾਂ ਨੂੰ ਮਿਲਣਾ ਸੀ। ਸੋਇਆਬੀਨ ਤੇ ਕਪਾਹ/ਨਰਮਾ ਕਾਸ਼ਤਕਾਰ ਕਿਸਾਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।’’ -ਪੀਟੀਆਈ
ਵਾਇਨਾਡ ਨੂੰ ਸੈਰ ਸਪਾਟੇ ਦਾ ਮੋਹਰੀ ਸਥਾਨ ਬਣਾਵਾਂਗੇ: ਰਾਹੁਲ
ਨਵੀਂ ਦਿੱਲੀ:
ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਤੇ ਉਨ੍ਹਾਂ ਨੇ ਕੇਰਲਾ ’ਚ ਵਾਇਨਾਡ ਨੂੰ ਕੇਰਲਾ ’ਚ ਸਿਖਰਲਾ ਸੈਰ ਸਪਾਟਾ ਸਥਾਨ ਬਣਾਉਣ ਦੇ ਮਿਸ਼ਨ ਵਜੋਂ ਲਿਆ ਹੈ। ਰਾਹੁਲ ਨੇ ਇਹ ਗੱਲ ਇੱਕ ਵੀਡੀਓ ਸਾਂਝੀ ਕਰਦਿਆਂ ਆਖੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਆਪਣੇ ਯੂਟਿਊਬ ਹੈਂਡਲ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਤੇ ਵਾਇਨਾਡ ਲੋਕ ਸਭਾ ਹਲਕੇ ਦੀ ਜ਼ਿਮਨੀ ਲਈ ਉਮੀਦਵਾਰ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਇਨਾਡ ’ਚ ਇੱਕ ਐਡਵੈਂਚਰ ਪਾਰਕ ਦੇ ਵਰਕਰਾਂ ਮਿਲਦੇ ਹੋਏ ਦਿਖਾਈ ਦੇ ਰਹੇ ਹਨ। -ਪੀਟੀਆਈ