ਜਲਗਾਓਂ, 12 ਨਵੰਬਰ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ-ਐੱਸਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਮਹਾਰਾਸ਼ਟਰ ’ਚ ਉਹ 10-12 ਸੀਟਾਂ ਗੁਆ ਦਿੱਤੀਆਂ, ਜਿੱਥੇ ਉਸ ਦੇ ਉੱਚ ਆਗੂ ਨੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਮੋਦੀ ਵੱਲੋਂ ਅੱਜ ਸੂਬੇ ’ਚ ਚੰਦਰਪੁਰ ਜ਼ਿਲ੍ਹੇ ਦੇ ਚਿਮੂਰ, ਸੋਲਾਪੁਰ ਤੇ ਪੁਣੇ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਜਲਗਾਓਂ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਸਬੰਧੀ ਸਵਾਲ ’ਤੇ ਕਿਹਾ, ‘‘ਚੋਣ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰਧਾਨ ਮੰਤਰੀ ਦਾ ਹੱਕ ਹੈ। ਇਸ ’ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਹੈ।’’ ਉਨ੍ਹਾਂ ਆਖਿਆ, ‘‘ਪਰ, ਇੱਕ ਗੱਲ ਧਿਆਨ ’ਚ ਰੱਖੋ, ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨੇ 16 ਰੈਲੀਆਂ ਨੂੰ ਸੰਬੋਧਨ ਕੀਤਾ ਸੀ ਅਤੇ ਭਾਜਪਾ ਉਨ੍ਹਾਂ 10-12 ਸੀਟਾਂ ’ਤੇ ਹਾਰ ਗਈ ਸੀ, ਜਿੱਥੇ ਉਨ੍ਹਾਂ ਨੇ ਰੈਲੀਆਂ ਕੀਤੀਆਂ ਸਨ। ਇਸ ਕਰਕੇ ਉਨ੍ਹਾਂ ਨੂੰ ਆਉਣ ਦਿਓ।’’ -ਪੀਟੀਆਈ
ਐੱਨਸੀਪੀ (ਐਸਪੀ) ਮੁਖੀ ਨੇ ਰਾਜ ਠਾਕਰੇ ਵੱਲੋਂ ਲਾਏ ਦੋਸ਼ ਨਕਾਰੇ
ਪਵਾਰ ਨੇ ਜਾਤੀ ਅਧਾਰਿਤ ਰਾਜਨੀਤੀ ਨੂੰ ਹੱਲਾਸ਼ੇਰੀ ਦੇਣ ਦੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਮੁਖੀ ਰਾਜ ਠਾਕਰੇ ਵਲੋਂ ਲਾਏ ਦੋਸ਼ ਨੂੰ ਵੀ ਖਾਰਜ ਕੀਤਾ। ਐੱਨਸੀਪੀ-ਐੱਸਪੀ ਪ੍ਰਧਾਨ ਨੇ ਕਿਹਾ, ‘‘ਉਨ੍ਹਾਂ (ਰਾਜ ਠਾਕਰੇ) ਨੂੰ ਚੋਣਾਂ ਤੋਂ ਕੁਝ ਮਹੀਨੇ ਥੋੜ੍ਹੀ ਤਵੱਜੋ ਦਿੱਤੀ ਜਾਂਦੀ ਹੈ। ਇਸ ਕਰਕੇ ਮੈਂ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ।’’