ਸ਼ਾਰਜਾਹ:
ਅਫਗਾਨਿਸਤਾਨ ਦੇ ਹਰਫਨਮੌਲਾ ਖਿਡਾਰੀ ਮੁਹੰਮਦ ਨਬੀ ਨੇ ਅਗਲੇ ਸਾਲ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਬੀਤੇ ਦਿਨ ਇੱਥੇ ਬੰਗਲਾਦੇਸ਼ ਖ਼ਿਲਾਫ਼ ਇੱਕ ਰੋਜ਼ਾ ਲੜੀ 2-1 ਨਾਲ ਜਿੱਤਣ ਤੋਂ ਬਾਅਦ ਨਬੀ ਨੇ ਕਿਹਾ ਕਿ ਉਹ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਕ੍ਰਿਕਟ ਦੀ ਇਸ ਵੰਨਗੀ ਨੂੰ ਛੱਡਣ ਬਾਰੇ ਵਿਚਾਰ ਕਰ ਰਿਹਾ ਸੀ। ਇਸ ਬਾਰੇ ਨਬੀ ਨੇ ਕਿਹਾ, ‘ਪਿਛਲੇ ਵਿਸ਼ਵ ਕੱਪ ਤੋਂ ਹੀ ਮੈਂ ਸੰਨਿਆਸ ਲੈਣ ਬਾਰੇ ਸੋਚ ਰਿਹਾ ਸੀ ਪਰ ਉਸ ਤੋਂ ਬਾਅਦ ਅਸੀਂ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰ ਲਿਆ ਅਤੇ ਮੈਂ ਸੋਚਿਆ ਕਿ ਇਸ ਵਿੱਚ ਖੇਡਣਾ ਮੇਰੇ ਲਈ ਸ਼ਾਨਦਾਰ ਹੋਵੇਗਾ।’ -ਪੀਟੀਆਈ