ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਨਵੰਬਰ
ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਆਮ ਆਦਮੀ ਕਲੀਨਿਕਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਆਮ ਆਦਮੀ ਕਲੀਨਿਕ ਫਤਾਹਪਰ ਤੇ ਭਰਾੜੀਵਾਲ, ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ ਵੱਲੋਂ ਰਾਮ ਬਾਗ, ਸਕੱਤਰੀ ਬਾਗ, ਮੁਸਲਿਮਗੰਜ ਅਤੇ ਚਾਟੀਵਿੰਡ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨੀਲਮ ਭਗਤ ਵੱਲੋਂ ਕਬੀਰ ਪਾਰਕ, ਸੁੰਦਰ ਨਗਰ, ਹਰੀਪੁਰਾ, ਪੁਤਲੀਨਗਰ ਤੇ ਰਣਜੀਤ ਐਵੇਨਿਊ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ ਧਵਨ ਵਲੋਂ ਮੁਸਤਫਾਬਾਦ, ਰਣਜੀਤ ਐਵੇਨਿਊ, ਗੁਰੂ ਕੀ ਵਡਾਲੀ ਅਤੇ ਬਸੰਤ ਐਵੇਨਿਊ ਵਿੱਚ ਚੈਕਿੰਗ ਕੀਤੀ ਗਈ। ਇਸ ਦੌਰਾਨ ਸਟਾਫ਼ ਦੀ ਹਾਜ਼ਰੀ, ਓ.ਪੀ.ਡੀ. ਸੇਵਾਵਾਂ, ਦਵਾਈਆਂ, ਲੈਬ ਟੈਸਟਾਂ ਅਤੇ ਆਨਲਾਈਨ ਰਿਕਾਰਡ ਦੀ ਜਾਂਚ ਕੀਤੀ ਗਈ। ਮਰੀਜਾਂ ਕੋਲੋਂ ਵੀ ਪੁੱਛ-ਗਿੱਛ ਕੀਤੀ ਗਈ ਅਤੇ ਮਰੀਜ਼ਾਂ ਦੇ ਫੋਨ ਨੰਬਰ ਲੈ ਕੇ ਖੁਦ ਪੜਤਾਲ ਵੀ ਕੀਤੀ ਗਈ। ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਸਟਾਫ਼ ਨੂੰ ਬਿਹਤਰ ਸੇਵਾਵਾਂ ਦੇਣ ਲਈ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਟਾਫ਼ ਸਮੇਂ ਦੇ ਪਾਬੰਦ ਰਹਿਣ, ਸਫ਼ਾਈ ਦਾ ਧਿਆਨ ਰੱਖਣ, ਮਰੀਜ਼ਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਨੂੰ ਤਰਜੀਹ ਦੇਣ। ਇਸ ਮੌਕੇ ਜ਼ਿਲ੍ਹਾ ਐੱਮ.ਈ.ਆਈ.ਓ. ਅਮਰਦੀਪ ਸਿੰਘ ਹਾਜਰ ਸਨ।