ਰਾਂਚੀ, 12 ਨਵੰਬਰ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬੰਗਲਾਦੇਸ਼ੀ ਨਾਗਰਿਕਾਂ ਦੀ ਕਥਿਤ ਗ਼ੈਰਕਾਨੂੰਨੀ ਘੁਸਪੈਠ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ’ਚ ਪੱਛਮੀ ਬੰਗਾਲ ਤੇ ਚੋਣ ਆਧਾਰਿਤ ਸੂਬੇ ਝਾਰਖੰਡ ’ਚ ਅੱਜ ਕਈ ਥਾਵਾਂ ’ਤੇ ਛਾਪੇ ਮਾਰੇ ਹਨ।
ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਦੇ ਝਾਰਖੰਡ ਦਫ਼ਤਰ ਦੇ ਅਧਿਕਾਰੀ ਸੂਬੇ ’ਚ ਵਿਧਾਨ ਸਭਾ ਚੋਣਾਂ ਲਈ ਪਹਿਲੇ ਗੇੜ ਦੀ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਦੋਵੇਂ ਗੁਆਂਢੀ ਰਾਜਾਂ ’ਚ ਕੁੱਲ 17 ਥਾਵਾਂ ’ਤੇ ਤਲਾਸ਼ੀ ਲੈ ਰਹੇ ਹਨ। ਮੀਡੀਆ ’ਚ ਆਈਆਂ ਤਸਵੀਰਾਂ ’ਚ ਰਾਂਚੀ ਦੇ ਬਰਿਆਤੂ ਰੋਡ ਸਥਿਤ ਹੋਟਲ ਤੇ ਸ਼ਹਿਰ ਦੇ ਇੱਕ ਰਿਜ਼ੌਰਟ ਦੇ ਬਾਹਰ ਸੀਆਰਪੀਐੱਫ ਜਵਾਨ ਤਾਇਨਾਤ ਦਿਖਾਈ ਦਿੱਤੇ। ਈਡੀ ਦੀ ਟੀਮ ਅੰਦਰ ਦਸਤਾਵੇਜ਼, ਬਹੀ-ਖਾਤੇ ਤੇ ਵਿੱਤੀ ਰਿਕਾਰਡ ਦੀ ਜਾਂਚ ਕਰ ਰਹੀ ਸੀ। -ਪੀਟੀਆਈ
ਵੱਡੀ ਮਾਤਰਾ ’ਚ ਇਤਰਾਜ਼ਯੋਗ ਸਾਮਾਨ ਬਰਾਮਦ
ਏਜੰਸੀ ਨੇ ਆਪਣੇ ਅਧਿਕਾਰਤ ਐਕਸ ਖਾਤੇ ’ਤੇ ਕਿਹਾ ਕਿ ਉਸ ਨੇ ਕਾਰਵਾਈ ਦੌਰਾਨ ਫਰਜ਼ੀ ਆਧਾਰ ਕਾਰਡ, ਜਾਅਲੀ ਪਾਸਪੋਰਟ, ਗ਼ੈਰਕਾਨੂੰਨੀ ਹਥਿਆਰ, ਅਚੱਲ ਜਾਇਦਾਦ ਦੇ ਦਸਤਾਵੇਜ਼, ਨਕਦੀ, ਗਹਿਣੇ, ਆਧਾਰ ’ਚ ਜਾਅਲਸਾਜ਼ੀ ਲਈ ਵਰਤੇ ਜਾਣ ਵਾਲੇ ਪ੍ਰਿੰਟਿੰਗ ਪੇਪਰ ਤੇ ਮਸ਼ੀਨਾਂ ਅਤੇ ਖਾਲੀ ਪ੍ਰੋਫਾਰਮੇ ਜਿਹੀਆਂ ਇਤਰਾਜ਼ਸੋਗ ਵਸਤਾਂ ਬਰਾਮਦ ਕੀਤੀਆਂ ਹਨ। ਏਜੰਸੀ ਨੇ ਕਿਹਾ ਕਿ ਫਿਲਹਾਲ ਕਾਰਵਾਈ ਜਾਰੀ ਹੈ।