ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਜ਼ਿਲ੍ਹਾ ਦਿਹਾਤੀ ਪੁਲੀਸ ਨੇ ਅੱਜ ਵੱਖ-ਵੱਖ ਦੋ ਘਟਨਾਵਾਂ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਪੰਜ ਪਿਸਤੌਲਾਂ ਅਤੇ ਹੋਰ ਅਸਲਾ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਇੱਕ ਘਟਨਾ ਵਿੱਚ ਦਿਹਾਤੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚਾਰ ਪਿਸਤੌਲ 30 ਬੋਰ ਤੇ ਛੇ ਮੈਗਜ਼ੀਨ, ਨੌਂ ਗੋਲੀਆਂ ਅਤੇ ਇੱਕ ਬਿਨਾਂ ਨੰਬਰ ਵਾਲਾ ਸਕੂਟਰ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖਤ ਸਿਮਰਜੀਤ ਸਿੰਘ ਉਰਫ ਸਿਮਰ ਉਰਫ ਸਿੰਮੂ, ਗੁਰਸੇਵਕ ਸਿੰਘ ਉਰਫ ਸੇਵਕ ਅਤੇ ਪਾਰਸ ਮੁਹੰਮਦ ਹੁਸੈਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਅਗਾਊਂ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰੇ ਫਿਰੌਤੀ ਮੰਗਣ ਵਾਲੇ ਗੈਂਗ ਨਾਲ ਸਬੰਧਤ ਹਨ ਅਤੇ ਇਨ੍ਹਾਂ ਦਾ ਸਰਗਨਾ ਪ੍ਰਭ ਇਸ ਵੇਲੇ ਕੈਨੇਡਾ ਵਿੱਚ ਹੈ। ਪੁਲੀਸ ਨੇ ਇਸ ਸਬੰਧ ਵਿੱਚ ਥਾਣਾ ਘਰਿੰਡਾ ਵਿੱਚ ਕੇਸ ਦਰਜ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਚਾਟੀਵਿੰਡ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਇੱਕ 32 ਬੋਰ ਦਾ ਦੇਸੀ ਪਿਸਤੌਲ ਅਤੇ ਦੋ ਗੋਲੀਆਂ ਬਰਾਮਦ ਕੀਤੀਆਂ ਹਨ। ਕਥਿਤ ਦੋਸ਼ੀਆਂ ਦੀ ਸ਼ਨਾਖਤ ਸੁਖਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।