ਗਗਨਦੀਪ ਅਰੋੜਾ
ਲੁਧਿਆਣਾ, 12 ਨਵੰਬਰ
ਸਨਅਤੀ ਸ਼ਹਿਰ ਦੇ ਪ੍ਰਾਪਰਟੀ ਕਾਰੋਬਾਰੀਆਂ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਚੰਡੀਗੜ੍ਹ ਤੋਂ ਵਿਜੀਲੈਂਸ ਟੀਮ ਨੇ ਕਾਂਗਰਸੀ ਆਗੂ ਦਰਸ਼ਨ ਲਾਲ ਬਵੇਜਾ ਲੱਡੂ ਵੱਲੋਂ ਕੱਟੀਆਂ 14 ਕਲੋਨੀਆਂ ’ਤੇ ਛਾਪੇ ਮਾਰੇ ਅਤੇ ਇਨ੍ਹਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ। ਕੁਝ ਦਿਨ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਗਲਾਡਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਨਾਜਾਇਜ਼ ਕਲੋਨੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇੱਥੇ ਚਰਚਾ ਹੈ ਕਿ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਟੀਮ ਜਾਂਚ ਲਈ ਪੁੱਜੀ। ਕਾਂਗਰਸ ਸਰਕਾਰ ਵੇਲੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਦਰਸ਼ਨ ਲਾਲ ਬਵੇਜਾ ਪ੍ਰਾਪਰਟੀ ਦੇ ਵੱਡੇ ਕਾਰੋਬਾਰੀ ਹਨ। ਉਨ੍ਹਾਂ ਸਿਆਸੀ ਪਹੁੰਚ ਨਾਲ ਸ਼ਹਿਰ ਵਿੱਚ ਕਈ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ, ਜਿਨ੍ਹਾਂ ਵਿੱਚ ਜ਼ਿਆਦਾਤਰ ਨਾਜਾਇਜ਼ ਇਮਾਰਤਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਥਿਤ ਤੌਰ ’ਤੇ ਕਈ ਨਾਜਾਇਜ਼ ਕਲੋਨੀਆਂ ਵੀ ਕੱਟੀਆਂ ਪਰ ਕਿਸੇ ਵੀ ਨਗਰ ਨਿਗਮ ਜਾਂ ਕਿਸੇ ਹੋਰ ਅਧਿਕਾਰੀ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰ ਵਿੱਚ ਨਾਮੀ ਬਿਲਡਰਾਂ ਨਾਲ ਮਿਲ ਕੇ ਕਈ ਪ੍ਰਾਜੈਕਟ ਵੀ ਸਥਾਪਿਤ ਕੀਤੇ ਹਨ। ਸੂਤਰਾਂ ਨੇ ਦੱਸਿਆ ਕਿ ਵਿਜੀਲੈਂਸ ਟੀਮ ਨੇ ਉਕਤ ਸਥਾਨਾਂ ’ਤੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕੀਤੀ ਹੈ। ਵਿਜੀਲੈਂਸ ਨੇ ਦਰਸ਼ਨ ਲਾਲ ਬਵੇਜਾ ਦੇ ਦਫ਼ਤਰ ਦੀ ਵੀ ਜਾਂਚ ਕੀਤੀ। ਇਸ ਦੌਰਾਨ ਵਿਜੀਲੈਂਸ ਟੀਮ ਨੇ ਦਫ਼ਤਰ ਤੋਂ ਕੁਝ ਦਸਤਾਵੇਜ਼ ਜ਼ਬਤ ਕੀਤੇ। ਇਸ ਕਾਰਨ ਸ਼ਹਿਰ ਦੇ ਕਈ ਪ੍ਰਾਪਰਟੀ ਡੀਲਰਾਂ ਨੂੰ ਵੀ ਭਾਜੜਾਂ ਪੈ ਗਈਆਂ ਕਿਉਂਕਿ ਕਈ ਮੋਹਤਬਰਾਂ ਨੇ ਦਰਸ਼ਨ ਲਾਲ ਨਾਲ ਮਿਲ ਕੇ ਕਲੋਨੀਆਂ ਕੱਟੀਆਂ ਹਨ। ਉਧਰ, ਦਰਸ਼ਨ ਲਾਲ ਲੱਡੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਵਿਜੀਲੈਂਸ ਨੇ ਛਾਪਾ ਕਿਉਂ ਮਾਰਿਆ ਹੈ। ਉਨ੍ਹਾਂ ਨੇ ਤਾਂ ਸਾਰੇ ਨਿਯਮਾਂ ਦੀ ਪਾਲਨਾ ਕੀਤੀ ਹੈ।