ਬ੍ਰਿਸਬੇਨ:
ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਪਿਛਲੇ ਦਿਨੀਂ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਨਸਿਕ ਸਿਹਤ ਸਮੱਸਿਆਵਾਂ ਅਤੇ ਸਮਾਧਾਨ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਭਾਰਤ ਤੋਂ ਆਈ ਮਨੋਵਿਗਿਆਨੀ ਡਾ. ਨਵਨੀਤ ਕੌਰ ਚਾਹਲ ਨੇ ਆਪਣੇ ਵਿਚਾਰ ਰੱਖੇ ਅਤੇ ਸਰੋਤਿਆਂ ਦੇ ਮਨੋਵਿਗਿਆਨਕ ਸਮੱਸਿਆਵਾਂ ਬਾਰੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ। ਸੈਮੀਨਾਰ ਦੀ ਸ਼ੁਰੂਆਤ ਇਪਸਾ ਦੇ ਸੈਕਟਰੀ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਇਸ ਤੋਂ ਬਾਅਦ ਇੰਡੋਜ਼ ਹੋਲਡਿੰਗਜ਼ ਦੇ ਸਾਬਕਾ ਡਾਇਰੈਕਟਰ, ਕਬੱਡੀ ਕੋਚ ਅਤੇ ਲੋਕ ਗਾਇਕ ਬਲਦੇਵ ਨਿੱਜਰ ਨੇ ਆਪਣੇ ਵਿਚਾਰ ਰੱਖੇ।
ਸੈਮੀਨਾਰ ਦਾ ਮੁੱਖ ਆਕਰਸ਼ਣ ਡਾ. ਨਵਨੀਤ ਕੌਰ ਦਾ ਸੰਬੋਧਨ ਅਤੇ ਮਰੀਜ਼ਾਂ ਦੀਆਂ ਹੱਡਬੀਤੀਆਂ ਅਤੇ ਤਜਰਬਿਆਂ ਦੀ ਸਰੋਤਿਆਂ ਨਾਲ ਸਾਂਝ ਪਾਉਣਾ ਸੀ। ਡਾ. ਨਵਨੀਤ ਕੌਰ ਨੇ ਸਮਾਜ ਵਿੱਚ ਮਾਨਸਿਕ ਰੋਗਾਂ ਦੀ ਨਿਸ਼ਾਨਦੇਹੀ, ਨਿਰੀਖਣ ਅਤੇ ਸਮਾਧਾਨ ਬਾਰੇ ਬਹੁਤ ਗਹਿਰੀ ਗੱਲਬਾਤ ਕੀਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਸ. ਜਸਤੇਜ ਸਿੰਘ ਵੀ ਉਚੇਚੇ ਤੌਰ ’ਤੇ ਪਹੁੰਚੇ ਸਨ। ਇਪਸਾ ਵੱਲੋਂ ਡਾ. ਨਵਨੀਤ ਕੌਰ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਪਸਾ ਐਵਾਰਡ ਆਫ ਆਨਰ ਨਾਲ ਨਿਵਾਜਿਆ ਗਿਆ। ਇਸ ਮੌਕੇ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ, ਗੀਤਕਾਰ ਨਿਰਮਲ ਦਿਓਲ, ਬਿਕਰਮਜੀਤ ਸਿੰਘ ਚੰਦੀ, ਪਾਲ ਰਾਊਕੇ, ਹਰਜਿੰਦ ਕੌਰ ਮਾਂਗਟ, ਜਰਨੈਲ ਸਿੰਘ ਬਾਸੀ, ਰੁਪਿੰਦਰ ਸੋਜ਼, ਸ਼ਮਸ਼ੇਰ ਸਿੰਘ ਚੀਮਾ, ਅਮਰਜੀਤ ਸਿੰਘ ਮਾਹਲ, ਰਾਜਦੀਪ ਸਿੰਘ ਲਾਲੀ ਆਦਿ ਹਾਜ਼ਰ ਸਨ।
ਖ਼ਬਰ ਸਰੋਤ: ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ