ਗੁਰਿੰਦਰ ਸਿੰਘ
ਲੁਧਿਆਣਾ, 12 ਨਵੰਬਰ
ਵੱਖ-ਵੱਖ ਥਾਵਾਂ ’ਤੇ ਵਾਪਰੀਆਂ ਲੁੱਟ ਖੋਹ ਦੀਆਂ ਘਟਨਾਵਾਂ ਵਿੱਚ ਅਣਪਛਾਤੇ ਵਿਅਕਤੀ ਇੱਕ ਬੱਚੇ ਤੋਂ ਮੋਬਾਈਲ ਫੋਨ, ਇੱਕ ਔਰਤ ਤੋਂ ਨਕਦੀ ਅਤੇ ਮੋਬਾਈਲ ਫੋਨ ਅਤੇ ਇੱਕ ਔਰਤ ਦੀ ਸੋਨੇ ਦੀ ਚੇਨ ਝਪਟਕੇ ਲੈ ਗਏ ਹਨ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਢੋਕਾਂ ਮੁਹੱਲਾ ਵਾਸੀ ਤੇਜਪਾਲ ਸਿੰਘ ਨੇ ਦੱਸਿਆ ਹੈ ਕਿ ਉਸਦਾ ਵੱਡਾ ਲੜਕਾ ਜਤਿਨ (13 ਸਾਲ) ਉਸਦੇ ਮੋਬਾਈਲ ਫੋਨ ਵਿੱਚੋਂ ਆਪਣੇ ਸਕੂਲ ਦੇ ਕੰਮ ਦੀ ਪੀਡੀਐੱਫ ਕਢਵਾਉਣ ਲਈ ਦੁਕਾਨ ’ਤੇ ਜਾ ਰਿਹਾ ਸੀ ਤਾਂ ਉਸਦੇ ਪਿੱਛੋਂ ਦੋ ਲੜਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਉਸਦੇ ਹੱਥ ਵਿੱਚੋਂ ਉਕਤ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਫੁੱਲਾਂਵਾਲ ਨੇੜੇ ਰਹਿੰਦੀ ਈਤੀਸਰਗੁਨ ਕੌਰ ਨੇ ਦੱਸਿਆ ਹੈ ਕਿ ਉਹ ਆਪਣੇ ਦਫ਼ਤਰ ਤੋਂ ਛੁੱਟੀ ਕਰਕੇ ਆਪਣੀ ਐਕਟਿਵਾ ਸਕੂਟਰ ’ਤੇ ਘਰ ਜਾ ਰਹੀ ਸੀ ਤਾਂ ਲੋਧੀ ਕਲੱਬ ਲਾਈਟਾਂ ਕੋਲ ਪਿੱਛੋਂ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਉਸਦੇ ਗੱਲ ਵਿੱਚ ਪਾਈ ਸੋਨੇ ਦੀ ਚੇਨ ਝਪਟ ਕੇ ਸਮੇਤ ਚੁੰਨੀ ਫ਼ਰਾਰ ਹੋ ਗਏ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਗਾਮੀ ਸ਼ਾਹਾ ਮੁਹੱਲਾ ਮਾਛੀਵਾੜਾ ਵਾਸੀ ਪ੍ਰਿਆ ਰਾਣੀ ਨੇ ਦੱਸਿਆ ਹੈ ਕਿ ਕੀਤਾ ਕਿ ਉਹ ਪ੍ਰੀਤ ਪੈਲੇਸ ਬੱਸ ਤੋਂ ਉਤਰ ਕੇ ਪੈਦਲ ਹੀ ਫੌਜੀ ਮੁਹੱਲਾ ਮੇਨ ਗੇਟ ਪਾਸ ਪੁੱਜੀ ਤਾਂ ਪਿੱਛੋ ਇੱਕ ਵਿਅਕਤੀ ਐਕਟਿਵਾ ਸਕੂਟਰ ’ਤੇ ਆਇਆ ਤੇ ਉਸਨੇ ਸਿਰ ਤੇ ਥੱਪੜ ਮਾਰ ਕੇ ਹੱਥ ਵਿੱਚ ਫੜਿਆ ਲਿਫਾਫਾ ਖੋਹ ਲਿਆ ਅਤੇ ਮਾਡਲ ਟਾਊਨ ਵੱਲ ਫਰਾਰ ਹੋ ਗਿਆ। ਲਿਫਾਫੇ ਵਿੱਚ ਕਰੀਬ 2700 ਰੁਪਏ ਕੈਸ਼, ਆਧਾਰ ਕਾਰਡ ਅਤੇ ਇੱਕ ਮੋਬਾਈਲ ਫੋਨ ਸੀ।ਥਾਣੇਦਾਰ ਸੁਖਪਾਲ ਰਾਮ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।