ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਨਵੰਬਰ
ਇਤਿਹਾਸਕ ਗੁਰਦੁਆਰਾ ਗਨੀ ਖਾਂ-ਨਬੀ ਖਾਂ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਪੂਰੀ ਤਰ੍ਹਾਂ ਨਾਲ ਸੁਲਝਾ ਲਿਆ ਗਿਆ ਹੈ। ਇਸ ਵਿਵਾਦ ਨੂੰ ਲੈ ਕੇ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨ ਤੋਂ ਜੋ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹ ਅੱਜ ਬਾਅਦ ਦੁਪਹਿਰ ਖਤਮ ਹੋ ਗਿਆ। ਇਸ ਵਿਵਾਦ ਨੂੰ ਸੁਲਝਾਉਣ ਲਈ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਅਹਿਮ ਭੂਮਿਕਾ ਨਿਭਾਈ। ਅੱਜ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਕਾਰ ਸੇਵਾ ਵਾਲੇ ਬਾਬਾ ਮਹਿੰਦਰ ਸਿੰਘ ਪਿਹੋਵੇ ਵਾਲੇ ਅਤੇ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਸਰਵਣ ਸਿੰਘ ਨੇ ਭਾਈਚਾਰਕ ਸਾਂਝ ਦਿਖਾਉਂਦਿਆਂ ਕਿਹਾ, ‘‘ਗੁਰੂ ਘਰ ਦੀ ਸੇਵਾ ਲਈ ਇਹ ਦੋਵੇਂ ਸੰਸਥਾਵਾਂ ਇਕਜੁੱਟ ਹਨ ਅਤੇ ਸਾਡੇ ਵਿਚਕਾਰ ਕੋਈ ਵੀ ਵਿਵਾਦ ਨਹੀਂ ਹੈ।’’ ਇਸ ਮੌਕੇ ਜਥੇਦਾਰ ਸਰਵਣ ਸਿੰਘ ਨੇ ਇਤਿਹਾਸਕ ਗੁਰਦੁਆਰਾ ਗਨੀ ਖਾਂ-ਨਬੀ ਖਾਂ ਸਾਹਿਬ ਦੇ ਗੋਲਕ ਦੀ ਚਾਬੀ ਬਾਬਾ ਮਹਿੰਦਰ ਸਿੰਘ ਕਾਰ ਸੇਵਾ ਵਾਲਿਆਂ ਦੇ ਸਪੁਰਦ ਕਰ ਦਿੱਤੀ ਅਤੇ ਜੋ ਉਸ ਵਿਚ ਲੱਖਾਂ ਰੁਪਏ ਜੋ ਮਾਇਆ ਸੀ ਉਹ ਵੀ ਇਨ੍ਹਾਂ ਨੂੰ ਸੌਂਪ ਦਿੱਤੀ ਤਾਂ ਜੋ ਗੁਰੂ ਘਰ ਦੇ ਪ੍ਰਬੰਧ ਚਲਾਏ ਜਾ ਸਕਣ। ਇਸ ਮੌਕੇ ਕਾਰ ਸੇਵਾ ਵਾਲੇ ਬਾਬਿਆਂ ਨੇ ਕਿਹਾ ਕਿ ਜਥੇਦਾਰ ਸਰਵਣ ਸਿੰਘ ਵਲੋਂ ਜੋ ਸਾਡਾ ਔਖੀ ਘੜੀ ਵਿਚ ਸਾਥ ਦਿੱਤਾ ਹੈ ਉਸ ਲਈ ਉਹ ਇਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ। ਜਥੇਦਾਰ ਸਰਵਣ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਸੰਗਤਾਂ ਮੁਸ਼ਕਿਲ ਘੜੀ ਵਿਚ ਇੱਥੇ ਲੈ ਕੇ ਆਈਆਂ ਸਨ ਅਤੇ ਹੁਣ ਇੱਥੇ ਪ੍ਰਬੰਧ ਸੁਚਾਰੂ ਢੰਗ ਨਾਲ ਕਾਰ ਸੇਵਾ ਵਾਲੇ ਬਾਬੇ ਹੀ ਚਲਾਉਣ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜੇ ਕਦੇ ਵੀ ਕਾਰ ਸੇਵਾ ਵਾਲੇ ਬਾਬਿਆਂ ਨੂੰ ਗੁਰੂ ਕੀ ਲਾਡਲੀ ਫੌਜ ਦੀ ਲੋੜ ਪਵੇਗੀ ਤਾਂ ਉਹ ਹਮੇਸ਼ਾ ਹਾਜ਼ਰ ਹਨ। ਇਸ ਮੌਕੇ ਬਾਬਾ ਮਹਿੰਦਰ ਸਿੰਘ ਪਿਹੋਵੇ ਵਾਲਿਆਂ ਨੇ ਜਥੇਦਾਰ ਸਰਵਣ ਸਿੰਘ ਨੂੰ ਸਿਰੋਪਾਓ ਪਾ ਕੇ ਧੰਨਵਾਦ ਪ੍ਰਗਟਾਇਆ। ਬਾਬਾ ਮਹਿੰਦਰ ਸਿੰਘ ਪਿਹੋਵੇ ਵਾਲਿਆਂ ਨੇ ਵਿਧਾਇਕ ਦਿਆਲਪੁਰਾ, ਪਰਮਜੀਤ ਢਿੱਲੋਂ ਅਤੇ ਹੋਰ ਪਤਵੰਤਿਆਂ ਦਾ ਗੁਰਦੁਆਰਾ ਸਾਹਿਬ ਦਾ ਵਿਵਾਦ ਸੁਲਝਾਉਣ ’ਚ ਪਾਏ ਯੋਗਦਾਨ ਲਈ ਵੀ ਧੰਨਵਾਦ ਕੀਤਾ।