ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਨਵੰਬਰ
ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਾਬਕਾ ਪ੍ਰੀਮੀਅਰ (ਮੁੱਖ ਮੰਤਰੀ) ਜੌਹਨ ਹੌਰਗਨ (65) ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਨਾਲ ਜੰਗ ਲੜ ਰਹੇ ਸਨ। ਉਨ੍ਹਾਂ ਵਿਕਟੋਰੀਆ ਦੇ ਸਿਲਵਰ ਜੁਬਲੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਆਦਰਸ਼ਵਾਦੀ ਮਰਹੂਮ ਨੇਤਾ ਨੇ 2016 ਵਿਚ ਬੀਸੀ ਦੀ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੀ ਕਮਾਨ ਸੰਭਾਲੀ ਤੇ ਸਖਤ ਮਿਹਨਤ ਕਰਕੇ ਸਾਲ ਵਿੱਚ ਹੀ ਪਾਰਟੀ ਨੂੰ ਮਜ਼ਬੂਤ ਪੈਰਾਂ ਸਿਰ ਕਰ ਲਿਆ। ਚੋਣਾਂ ਤੋਂ ਬਾਅਦ 18 ਜੁਲਾਈ 2017 ਨੂੰ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲੀ। ਹਰੇਕ ਮਸਲੇ ਨੂੰ ਚੁਣੌਤੀ ਵਜੋਂ ਲੈਣ ਵਾਲੇ ਜੌਹਨ ਹੌਰਗਨ ਨੂੰ 2022 ’ਚ ਗਲੇ ਦੇ ਕੈਂਸਰ ਦਾ ਪਤਾ ਲੱਗਾ ਤਾਂ ਉਨ੍ਹਾਂ ਪ੍ਰੀਮੀਅਰ ਵਜੋਂ ਅਸਤੀਫਾ ਦੇ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਜਰਮਨੀ ’ਚ ਕੈਨੇਡਾ ਦੇ ਹਾਈ ਕਮਿਸ਼ਨਰ ਦੀ ਜ਼ਿੰਮੇਵਾਰੀ ਸੌਂਪ ਕੇ ਬਰਲਿਨ ਭੇਜ ਦਿੱਤਾ। ਦੋ ਸਾਲਾਂ ਤੋਂ ਉਹ ਉੱਥੇ ਸੇਵਾਵਾਂ ਨਿਭਾ ਰਹੇ ਸੀ। ਬੀਸੀ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਹੌਰਗਨ ਦੇ ਵਿਛੋੜੇ ਨੂੰ ਦੇਸ਼ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੌਰਗਨ ਨੂੰ ਦੂਰਅੰਦੇਸ਼ ਤੇ ਅਣਥੱਕ ਆਗੂ ਦੱਸਦਿਆਂ ਉਸ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।