ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 13 ਨਵੰਬਰ
ਸੁਪਰੀਮ ਕੋਰਟ ਨੇ ਬੁਲਡੋਜ਼ਰ ਨਿਆਂ ਦੇ ਮੁੱਦੇ ਉਤੇ ਬੁੱਧਵਾਰ ਨੂੰ ਸੁਣਾਏ ਆਪਣੇ ਅਹਿਮ ਫ਼ੈਸਲੇ ਵਿਚ ਹਿੰਦੀ ਕਵੀ ਪ੍ਰਦੀਪ ਦੀ ਘਰ ਸਬੰਧੀ ਕਵਿਤਾ ਦਾ ਵੀ ਹਵਾਲਾ ਦਿੱਤਾ ਕਿ ਘਰ ਸਿਰਫ਼ ਇਕ ਜਾਇਦਾਦ ਜਾਂ ਇਮਾਰਤ ਹੀ ਨਹੀਂ ਹੁੰਦਾ, ਸਗੋਂ ਇਹ ਪਰਿਵਾਰ ਦੀਆਂ ਸਮੂਹਿਕ ਆਸਾਂ-ਉਮੀਦਾਂ ਨੂੰ ਦਰਸਾਉਂਦਾ ਹੈ। ਜਸਟਿਸ ਬੀਆਰ ਗਵਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਮੁਲਜ਼ਮਾਂ ਜਾਂ ਦੋਸ਼ੀਆਂ ਦੀਆਂ ਜਾਇਦਾਦਾਂ ਨੂੰ ਮਨਮਰਜ਼ੀ ਨਾਲ ਢਾਹੁਣ ਵਾਲੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਪ੍ਰਸਿੱਧ ਹਿੰਦੀ ਕਵੀ ਪ੍ਰਦੀਪ ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਨੇ ਇਕ ਆਮ ਆਦਮੀ ਦੀ ਜ਼ਿੰਦਗੀ ਵਿਚ ਆਪਣੇ ਘਰ ਜਾਂ ਰੈਣ ਬਸੇਰੇ ਦੀ ਅਹਿਮੀਅਤ ਅਤੇ ਇਸ ਦੇ ਸਮਾਜਿਕ-ਆਰਥਿਕ ਪੱਖ ਉਤੇ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ, ‘‘ਇੱਕ ਘਰ ਦਾ ਨਿਰਮਾਣ ਅਕਸਰ ਸਾਲਾਂ ਦੀ ਮਿਹਨਤ ਦਾ ਸਿੱਟਾ ਹੁੰਦਾ ਹੈ, ਜਿਸ ਨਾਲ ਬਹੁਤ ਸਾਰੇ ਸੁਪਨੇ ਅਤੇ ਖ਼ਾਹਿਸ਼ਾਂ ਜੁੜੀਆਂ ਹੁੰਦੀਆਂ ਹਨ।’’
ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਅਪਰਾਧ ਦੇ ਦੋਸ਼ੀਆਂ ਦੀਆਂ ‘ਅਣਅਧਿਕਾਰਤ’ ਜਾਇਦਾਦਾਂ ਨੂੰ ਮਨਮਰਜ਼ੀ ਨਾ ਢਾਚੇ ਜਾਣ ਦੀ ਕਾਰਵਾਈ ਨੂੰ ਗੈਰ-ਸੰਵਿਧਾਨਕ ਐਲਾਨਦਿਆਂ ਆਪਣੇ ਫੈਸਲੇ ਵਿਚ ਕਿਹਾ, ‘‘ਕੋਈ ਘਰ ਸਿਰਫ਼ ਇੱਕ ਸੰਪਤੀ ਨਹੀਂ ਹੈ, ਸਗੋਂ ਇਹ ਕਿਸੇ ਪਰਿਵਾਰ ਜਾਂ ਵਿਅਕਤੀਆਂ ਦੀਆਂ ਸਥਿਰਤਾ, ਸੁਰੱਖਿਆ ਅਤੇ ਭਵਿੱਖ ਲਈ ਸਮੂਹਿਕ ਉਮੀਦਾਂ ਨੂੰ ਦਰਸਾਉਂਦਾ ਹੈ। ਸਿਰ ’ਤੇ ਘਰ ਜਾਂ ਛੱਤ ਹੋਣ ਨਾਲ ਵਿਅਕਤੀ ਨੂੰ ਤਸੱਲੀ ਮਿਲਦੀ ਹੈ… ਇਹ ਸਨਮਾਨ ਅਤੇ ਅਪਣੱਤ ਦੀ ਭਾਵਨਾ ਦਿੰਦਾ ਹੈ। ਜੇ ਇਸ ਨੂੰ ਖੋਹਣਾ ਹੀ ਹੋਵੇ, ਤਾਂ ਅਥਾਰਟੀ ਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ ਕਿ ਇਹ ਇਕੋ ਇਕ ਉਪਲਬਧ ਵਿਕਲਪ ਹੈ।’’
ਇਹ ਵੀ ਪੜ੍ਹੋ:
ਬੈਂਚ ਲਈ ਫੈਸਲਾ ਲਿਖਦਿਆਂ ਜਸਟਿਸ ਬੀਆਰ ਗਵਈ ਨੇ ਕਵੀ ਪ੍ਰਦੀਪ ਦੇ ਦੋਹੇ ਦੇ ਹਵਾਲੇ ਨਾਲ ਇਸ ਦੀ ਸ਼ੁਰੂਆਤ ਕੀਤੀ: ‘‘ਅਪਨਾ ਘਰ ਹੋ, ਅਪਨਾ ਆਂਗਨ ਹੋ, ਇਸ ਖ਼ਵਾਬ ਮੇਂ ਹਰ ਕੋਈ ਜੀਤਾ ਹੈ; ਇਨਸਾਨ ਕੇ ਦਿਲ ਕੀ ਯੇ ਚਾਹਤ ਹੈ ਕਿ ਏਕ ਘਰ ਕਾ ਸਪਨਾ ਕਭੀ ਨਾ ਛੂਟੇ।’’ (ਆਪਣਾ ਘਰ ਹੋਵੇ, ਆਪਣਾ ਵਿਹੜਾ ਹੋਵੇ – ਇਹ ਸੁਪਨਾ ਹਰ ਦਿਲ ਵਿੱਚ ਵਸਦਾ ਹੈ। ਹਰ ਇਨਸਾਨ ਦੀ ਇਹ ਤਾਂਘ ਹੁੰਦੀ ਹੈ, ਘਰ ਦਾ ਸੁਪਨਾ ਕਦੇ ਹਾਰ ਨਾ ਮੰਨੇ)।