ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 13 ਨਵੰਬਰ
ਭਾਰਤੀ ਫੌਜ ਵੱਲੋਂ ਪੂਰਬੀ ਸਰਹੱਦ ’ਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਕਾਇਮ ਰੱਖਣ ਦੇ ਇਰਾਦੇ ਨਾਲ ਅਰੁਣਚਾਲ ਪ੍ਰਦੇਸ਼ ’ਚ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਮਸ਼ਕਾਂ ’ਚ ਤਿੰਨੋਂ ਸੈਨਾਵਾਂ ਦੇ ਜਵਾਨ ਹਿੱਸਾ ਲੈ ਰਹੇ ਹਨ। ਮਸ਼ਕਾਂ ਨੂੰ ‘ਪੂਰਵੀ ਪ੍ਰਹਾਰ’ ਦਾ ਨਾਮ ਦਿੱਤਾ ਗਿਆ ਹੈ ਜੋ ਅਰੁਣਾਚਲ ਪ੍ਰਦੇਸ਼ ਦੇ ਅਗਾਊਂ ਇਲਾਕਿਆਂ ’ਚ 10 ਨਵੰਬਰ ਤੋਂ ਸ਼ੁਰੂ ਹੋਈਆਂ ਹਨ ਅਤੇ 18 ਨਵੰਬਰ ਤੱਕ ਜਾਰੀ ਰਹਿਣਗੀਆਂ। ਸੂਤਰਾਂ ਨੇ ਕਿਹਾ ਕਿ ਇਹ ਮਸ਼ਕਾਂ ਜ਼ਮੀਨ, ਹਵਾ ਅਤੇ ਸਮੁੰਦਰ ’ਚ ਬਿਨਾਂ ਕਿਸੇ ਅੜਿੱਕੇ ਦੇ ਤਾਕਤ ਵਧਾਉਣ ਲਈ ਕੀਤੀ ਜਾ ਰਹੀਆਂ ਹਨ ਤਾਂ ਜੋ ਮੁਲਕ ਦੀ ਰਣਨੀਤਕ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਡਰੋਨ ਅਤੇ ਸੈਟੇਲਾਈਟ ਨੇਵੀਗੇਸ਼ਨ ਨਾਲ ਸਬੰਧਤ ਸਾਰੀਆਂ ਤਕਨਾਲੋਜੀਆਂ ਦੀ ਵੀ ਮਸ਼ਕਾਂ ’ਚ ਵਰਤੋਂ ਕੀਤੀ ਜਾ ਰਹੀ ਹੈ। ਦੇਸ਼ ਦੀਆਂ ਸੁਰੱਖਿਆ ਚੁਣੌਤੀਆਂ ਦੇ ਟਾਕਰੇ ਲਈ ਥਲ, ਜਲ ਅਤੇ ਹਵਾਈ ਸੈਨਾ ਵੱਲੋਂ ਰਲ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮਸ਼ਕਾਂ ’ਚ ਹਿੱਸਾ ਲੈ ਰਹੇ ਤਿੰਨੋਂ ਸੈਨਾਵਾਂ ਦੇ ਜਵਾਨਾਂ ਵੱਲੋਂ ਅਤਿ ਆਧੁਨਿਕ ਲੜਾਕੂ ਜਹਾਜ਼ਾਂ, ਚਿਨੂਕ ਅਤੇ ਐਡਵਾਂਸਡ ਲਾਈਟ ਹੈਲੀਕਾਪਟਰ ਰੂਦਰ ਜਿਹੇ ਹੈਲੀਕਾਪਟਰਾਂ ਅਤੇ ਐੱਮ777 ਅਲਟਰਾ-ਲਾਈਟ ਹੋਵਿਟਜ਼ਰ ਤੋਪਾਂ, ਜਿਨ੍ਹਾਂ ਨੂੰ ਹੁਣੇ ਜਿਹੇ ਤੋਪਖਾਨੇ ’ਚ ਸ਼ਾਮਲ ਕੀਤਾ ਗਿਆ ਹੈ, ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਚੁਣੌਤੀਪੂਰਨ ਇਲਾਕਿਆਂ ’ਚ ਵਧੇਰੇ ਗਤੀਸ਼ੀਲਤਾ, ਮਾਰੂ ਸਮਰੱਥਾ ਅਤੇ ਸਟੀਕਤਾ ਲਈ ਇਹ ਅਤਿ ਆਧੁਨਿਕ ਫੌਜੀ ਸਾਜ਼ੋ-ਸਾਮਾਨ ਵਰਤਿਆ ਜਾ ਰਿਹਾ ਹੈ।