ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਨਵੰਬਰ
ਪੰਜਾਬ ਵਿੱਚ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਅੱਜ ਸਰਦ ਰੁੱਤ ਦੀ ਪਹਿਲੀ ਧੁੰਦ ਨੇ ਹੀ ਸੂਬੇ ’ਚ ਲੋਕਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ। ਹਵਾ ਪ੍ਰਦੂਸ਼ਣ ਕਰਕੇ ਲੋਕਾਂ ਨੂੰ ਪਹਿਲਾਂ ਹੀ ਧੁੰਦਲਾ ਦਿਖਾਈ ਦੇ ਰਿਹਾ ਸੀ ਪਰ ਸੰਘਣੀ ਧੁੰਦ ਪੈਣ ਕਰਕੇ ਸੜਕ ’ਤੇ ਦਿਖਣਾ ਹੀ ਬੰਦ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੰਘਣੀ ਧੁੰਦ ਨਾਲ ਦਿੱਸਣ ਦੀ ਹੱਦ (ਵਿਜ਼ੀਬਿਲਟੀ) ਘਟਣ ਕਾਰਨ ਪੰਜਾਬ ’ਚ ਕਈ ਥਾਵਾਂ ’ਤੇ ਸੜਕ ਹਾਦਸੇ ਵੀ ਵਾਪਰੇ ਹਨ। ਪਟਿਆਲਾ ’ਚ ਕਈ ਥਾਵਾਂ ’ਤੇ ਕਾਰਾਂ ਆਪਸ ’ਚ ਟਕਰਾ ਗਈਆਂ, ਜਦਕਿ ਫਿਲੌਰ-ਲੁਧਿਆਣਾ ਰੋਡ ’ਤੇ ਲੰਘੀ ਦੇਰ ਰਾਤ ਟਰੱਕ ਤੇ ਬੱਸ ਦੀ ਟੱਕਰ ਹੋ ਗਈ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਪਟਿਆਲਾ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਸਭ ਤੋਂ ਵੱਧ ਸੰਘਣੀ ਧੁੰਦ ਪਈ ਹੈ, ਜਿੱਥੇ ਅੱਜ ਤੜਕੇ ਲਗਪਗ 1-2 ਵਜੇ ਵਿਜ਼ਬਿਲਟੀ ਬਹੁਤ ਘੱਟ ਸੀ। ਪਟਿਆਲਾ ’ਚ ਦੁੂਰ ਤੱਕ ਦਿਖਣ ਦੀ ਹੱਦ 30 ਮੀਟਰ ਦਰਜ ਕੀਤੀ ਗਈ ਹੈ, ਜਿਸ ਵਿੱਚ ਦਿਨ ਵੇਲੇ ਸੁਧਾਰ ਹੋਇਆ ਹਾਲਾਂਕਿ ਇਸ ਮਗਰੋਂ ਸਵੇਰੇ ਲਗਪਗ 6-7 ਵਜੇ ਵੀ ਦੂਰ ਤੱਕ ਦਿਖਣ ਦੀ ਹੱਦ 600 ਤੋਂ 800 ਮੀਟਰ ਤੱਕ ਰਹੀ। ਇਸੇ ਤਰ੍ਹਾਂ ਅੰਮ੍ਰਿਤਸਰ ’ਚ ਤੜਕੇ ਇਹ ਹੱਦ 50 ਮੀਟਰ ਰਹਿ ਗਈ ਸੀ ਜਦਕਿ ਸਵੇਰੇ 6-7 ਵਜੇ ਸੜਕ ’ਤੇ 300 ਤੋਂ 400 ਮੀਟਰ ਤੱਕ ਹੀ ਦਿਖਾਈ ਦੇ ਰਿਹਾ ਸੀ। ਇਹੀ ਹਾਲ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦਾ ਵੀ ਸੀ, ਜਿੱਥੇ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਸੰਘਣੀ ਧੁੰਦ ਪੈਣ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਮੌਸਮ ’ਚ ਤਬਦੀਲੀ ਨਾਲ ਤਾਪਮਾਨ ਘਟਿਆ
ਪੰਜਾਬ ਵਿੱਚ ਸੰਘਣੀ ਧੁੰਦ ਨਾਲ ਮੌਸਮ ’ਚ ਵੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ। ਅੱਜ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 6.3 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਗਰਮੀ ਦਾ ਦੌਰ ਸੀ। ਪਰ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਨਾਲ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਠੰਢ ਨੇ ਦਸਤਕ ਦਿੱਤੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 24 ਡਿਗਰੀ, ਲੁਧਿਆਣਾ ਵਿੱਚ 22.8, ਪਟਿਆਲਾ ਵਿੱਚ 21.7, ਪਠਾਨਕੋਟ ਵਿੱਚ 25.5, ਬਠਿੰਡਾ ਵਿੱਚ 28.4, ਗੁਰਦਾਸਪੁਰ ਵਿੱਚ 22.5, ਫਤਿਹਗੜ੍ਹ ਸਾਹਿਬ ’ਚ 23, ਫਿਰੋਜ਼ਪੁਰ ’ਚ 24, ਹੁਸ਼ਿਆਰਪੁਰ ’ਚ 21.5, ਮੋਗਾ ਵਿੱਚ 24.6 , ਮੁਹਾਲੀ ਵਿੱਚ 25.1, ਰੋਪੜ ਵਿੱਚ 21.9 ਤੇ ਸੰਗਰੂਰ ਵਿੱਚ 21.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਤਾਪਮਾਨ 1 ਤੋਂ 6.8 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ।