ਮੁੰਬਈ:
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਦਾ ਨੈੱਟਫਲਿੱਕਸ ’ਤੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਨਾਲ ਕੋਈ ਸਬੰਧ ਨਹੀਂ ਹੈ। ਇਹ ਜਾਣਕਾਰੀ ਸਲਮਾਨ ਖ਼ਾਨ ਦੇ ਨੁਮਾਇੰਦੇ ਨੇ ਦਿੱਤੀ। ਬੋਂਗੋ ਭਾਸ਼ੀ ਮਹਾਸਭਾ ਫਾਊਂਡੇਸ਼ਨ ਦੇ ਕਾਨੂੰਨੀ ਨੋਟਿਸ ਬਾਰੇ ਸਲਮਾਨ ਖ਼ਾਨ ਦੇ ਨੁਮਾਇੰਦੇ ਨੇ ਸਪੱਸ਼ਟ ਕੀਤਾ, ‘‘ਅਸੀਂ ਨੈੱਟਫਲਿੱਕਸ ’ਤੇ ਪ੍ਰਸਾਰਿਤ ਹੁੰਦੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਭਾਈਵਾਲ ਨਹੀਂ ਹਾਂ। ਮੀਡੀਆ ਦਾ ਕੁਝ ਹਿੱਸਾ ਆਖ ਰਿਹਾ ਹੈ ਕਿ ਸਲਮਾਨ ਖ਼ਾਨ/ਐੱਸਕੇਟੀਵੀ ਨੂੰ ਵੀ ਨੋਟਿਸ ਮਿਲਿਆ ਹੈ, ਜੋ ਸਹੀ ਨਹੀਂ ਹੈ ਅਤੇ ਅਸੀਂ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਭਾਈਵਾਲ ਨਹੀਂ ਹਾਂ।’’ ਟੀਮ ਨੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰੋਡਕਸ਼ਨ ਹਾਊਸ ਨੈੱਟਫਲਿੱਕਸ ’ਤੇ ਪ੍ਰਸਾਰਿਤ ਹੁੰਦੇ ਕਿਸੇ ਵੀ ਸ਼ੋਅ ਨਾਲ ਭਾਈਵਾਲ ਨਹੀਂ ਹੈ। ਜ਼ਿਕਰਯੋਗ ਹੈ ਕਿ ਬੋਂਗੋ ਭਾਸ਼ੀ ਮਹਾਸਭਾ ਫਾਊਂਡੇਸ਼ਨ ਦੇ ਪ੍ਰਧਾਨ ਡਾ. ਮੋਂਡਲ ਵੱਲੋਂ ਕਾਨੂੰਨੀ ਸਲਾਹਕਾਰ ਨ੍ਰਿਪੇਂਦਰ ਕ੍ਰਿਸ਼ਨ ਰਾਏ ਵੱਲੋਂ ਭੇਜੇ ਨੋਟਿਸ ਵਿੱਚ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਉੱਤੇ ਨੋਬੇਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੀ ਵਿਰਾਸਤ ਨੂੰ ਢਾਹ ਲਾਉਣ ਤੇ ਸੰਭਾਵੀ ਤੌਰ ’ਤੇ ਸੱਭਿਆਚਾਰਕ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਸਲਮਾਨ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਨੂੰ ਕਾਨੂੰਨੀ ਨੋਟਿਸ ਮਿਲਣ ਬਾਰੇ ਫੈਲ ਰਹੀਆਂ ਅਫ਼ਵਾਹਾਂ ਦਰਮਿਆਨ ਕੰਪਨੀ ਦੇ ਪ੍ਰਤੀਨਿਧੀ ਨੇ ਨੈੱਟਫਲਿੱਕਸ ਸ਼ੋਅ ਵਿੱਚ ਕਿਸੇ ਵੀ ਕਿਸਮ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਇਹ ਬਿਆਨ ਜਾਰੀ ਕੀਤਾ ਹੈ। -ਆਈਏਐੱਨਐੱਸ