ਬਚਿੱਤਰ ਕੁਹਾੜ
ਐਡੀਲੇਡ, 13 ਨਵੰਬਰ
ਇਥੇ ਗੁਰਦੁਆਰਾ ਦਸਮੇਸ਼ ਦਰਬਾਰ ਵਰਜੀਨੀਆ ਦੀ ਗੁਰਦੁਆਰਾ ਕਮੇਟੀ ਵੱਲੋਂ ਸਥਾਨਕ ਗੁਰੂ ਘਰਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰੇ ਵਿੱਚ ਸਿੱਖ ਸ਼ਰਧਾਲੂਆਂ ਨੇ ਵਾਹਨ ਨੂੰ ਫੁੱਲਾਂ ਨਾਲ ਸਜਾ ਕੇ ਤਿਆਰ ਕੀਤੀ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਸ਼ੋਭਿਤ ਕੀਤਾ। ਨਗਰ ਕੀਰਤਨ ਦੀ ਰਵਾਨਗੀ ਗੁਰਦੁਆਰੇ ਦੇ ਹੈੱਡ ਗ੍ਰੰਥੀ ਭਗਤ ਸਿੰਘ ਵੱਲੋਂ ਅਰਦਾਸ ਕਰਨ ਨਾਲ ਹੋਈ। ਇਸ ਮੌਕੇ ਸਿੱਖਾਂ ਦਾ ਵੱਡਾ ਇਕੱਠ ਸੀ। ਨਗਰ ਕੀਰਤਨ ਵਰਜੀਨੀਆ ਨਗਰ ਦੀ ਪਰਿਕਰਮਾ ਕਰਦਾ ਦੁਪਹਿਰ ਬਾਅਦ ਮੁੜ ਗੁਰਦੁਆਰਾ ਦਸਮੇਸ਼ ਦਰਬਾਰ ਵਰਜੀਨੀਆ ਵਿਖੇ ਹੀ ਸਮਾਪਤ ਹੋਇਆ। ਇਸ ਦੌਰਾਨ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਤੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਸਰਬੱਤ ਦਾ ਭਲੇ ਤੇ ਸਾਂਝੀਵਾਲਤਾ ਦੇ ਉਪਦੇਸ਼ਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਨਗਰ ਕੀਰਤਨ ਦੌਰਾਨ ਜੁਝਾਰੂ ਸਿੰਘਾਂ ਨੇ ਗਤਕੇ ਦੇ ਜੌਹਰ ਵਿਖਾਏ ਤੇ ਰਸਤੇ ’ਚ ਸਿੱਖ ਸ਼ਰਧਾਲੂਆਂ ਨੇ ਠੰਢਾ ਜਲ, ਜੂਸ ਤੇ ਫਲ ਵਰਤਾ ਕੇ ਸੰਗਤ ਦੀ ਸੇਵਾ ਕੀਤੀ। ਨਗਰ ਕੀਤਰਨ ਦੀ ਸਮਾਪਤੀ ਮੌਕੇ ਗੁਰਦੁਆਰਾ ਵਰਜੀਨੀਆ ਵਿਖੇ ਸਜਾਏ ਧਾਰਮਿਕ ਦੀਵਾਨ ਵਿੱਚ ਰਾਗੀ ਜਥੇ ਨੇ ਕੀਰਤਨ ਕੀਤਾ। ਗੁਰਦੁਆਰੇ ਵਿੱਚ ਨੌਜਵਾਨਾਂ ਲਈ ਦਸਤਾਰ ਸਿਖਲਾਈ ਕੈਂਪ ਵੀ ਲਾਇਆ ਗਿਆ। ਨਗਰ ਕੀਰਤਨ ਦੇ ਮੁੱਖ ਪ੍ਰਬੰਧਕਾਂ ਨੇ ਕੀਰਤਨ ਸਜਾਉਣ ’ਚ ਮਿਲੇ ਸਹਿਯੋਗ ਲਈ ਗੁਰਦੁਆਰਾ ਗੁਰੂ ਨਾਨਕ ਦਰਬਾਰ ਐਲਨਬੀ ਗਾਰਡਨ, ਗੁਰਦੁਆਰਾ ਦਸ਼ਮੇਸ਼ ਦਰਬਾਰ ਵਰਜੀਨੀਆ, ਗੁਰਦੁਆਰਾ ਮੌਡਬਰੀ ਨੌਰਥ, ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਪਰਦਾਇ ਦਲ ਬਾਬਾ ਬਿਧੀ ਚੰਦ ਐਡੀਲੇਡ ਅਤੇ ਗੁਰਦੁਆਰਾ ਗਲੈਨ ਉਸਮੰਡ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।