ਪੱਤਰ ਪ੍ਰੇਰਕ
ਟੋਹਾਣਾ, 13 ਨਵੰਬਰ
ਇੱਥੇ ਹਿਸਾਰ-ਲੁਧਿਆਣਾ ਰੇਲ ਰੂਟ ’ਤੇ ਰੇਲਵੇ ਵਿਭਾਗ ਨੇ 31 ਦਸੰਬਰ ਤੱਕ ਚਾਰ ਪ੍ਰਮੁੱਖ ਪੈਸੰਜਰ ਰੇਲ ਗੱਡੀਆਂ ਬੰਦ ਰੱਖਣ ਦਾ ਫੈਸਲਾ ਲਿਆ ਹੈ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਇਸ ਪਿੱਛੇ ਕਾਰਨ ਇਹ ਦੱਸਿਆ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ 6 ਤੇ 7 ਦੀ ਮੁਰੰਮਤ ਲਈ ਗੱਡੀਆਂ ਬੰਦ ਕਰਨਾ ਮਜਬੂਰੀ ਹੈ। ਅੰਮ੍ਰਿਤ ਯੋਜਨਾ ਤਹਿਤ ਲੁਧਿਆਣਾ ਰੇਲਵੇ ਸਟੇਸ਼ਨ ਭਵਨ ’ਤੇ ਪਲੇਟਫਾਰਮਾਂ ਦੇ ਆਧੁਨਿਕੀਕਰਨ ਦੇ ਚੱਲਦਿਆਂ ਰੇਲਾਂ ਨੂੰ ਬੰਦ ਕਰਨਾ ਪੈ ਰਿਹਾ ਹੈ। ਰੇਲਵੇ ਵਿਭਾਗ ਮੁਤਾਬਿਕ ਜਾਖਲ-ਲੁਧਿਆਣਾ ਅੱਪ ਡਾਊਨ ਦੋ ਗੱਡੀਆਂ, ਲੁਧਿਆਣਾ-ਹਿਸਾਰ-ਚੁਰੂ ਰੇਲ ਰੂਟ ’ਤੇ ਚੱਲਣ ਵਾਲੀ ਅਪ ਤੇ ਡਾਊਨ ਪੈਸੰਜਰ ਗੱਡੀਆਂ ਨੂੰ 31 ਦਸੰਬਰ ਤੱਕ ਬੰਦ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ 6 ਤੇ 7 ਦੀ ਮੁਰਮੰਤ ਦਾ ਠੇਕਾ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ।