ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਨਵੰਬਰ
ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੰਬੰਧਤ ਮੰਗਾਂ/ਮਸਲਿਆਂ ਦੇ ਹੱਲ ਲਈ ਸਾਂਝਾ ਅਧਿਆਪਕ ਮੋਰਚਾ ਦੀ ਅਹਿਮ ਮੀਟਿੰਗ ਅਧਿਆਪਕ ਆਗੂ ਗੁਰਜੰਟ ਸਿੰਘ ਵਾਲੀਆ, ਦੇਵੀ ਦਿਆਲ, ਅਵਤਾਰ ਸਿੰਘ ਢਢੋਗਲ, ਕ੍ਰਿਸ਼ਨ ਦੁੱਗਾਂ, ਅਵਤਾਰ ਸਿੰਘ ਅਤੇ ਵਰਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਅਫਸਰ (ਸੈ ਸਿੱ) ਸੰਗਰੂਰ ਤਰਵਿੰਦਰ ਕੌਰ ਨਾਲ ਪਹਿਲਾਂ ਦਿੱਤੇ ਏਜੰਡੇ ਤਹਿਤ ਹੋਈ। ਮੀਟਿੰਗ ਵਿੱਚ ਆਗੂਆਂ ਨੇ ਮੰਗ ਕੀਤੀ ਕਿ ਮਹੀਨੇ ਦੇ ਆਖਰੀਲੇ ਵਰਕਿੰਗ ਡੇਅ ਸਕੂਲ ਸਮੇਂ ਤੋਂ ਇੱਕ ਘੰਟਾ ਬਾਅਦ ਸਕੂਲ ਸਟਾਫ ਦੀ ਮੀਟਿੰਗ ਸਬੰਧੀ ਜਾਰੀ ਕੀਤੇ ਹੁਕਮ ਵਾਪਸ ਲਏ ਜਾਣ, ਸੀ ਐਂਡ ਵੀ ਕਾਡਰ ਦੀ ਸੀਨੀਅਰਤਾ ਸੂਚੀ ਦਰੁੱਸਤ ਕਰਕੇ ਅਪਡੇਟ ਕੀਤੀ ਜਾਵੇ। ਸਕੂਲ ਆਫ ਐਮੀਨੈਂਸ ਵਿੱਚ ਕੀ ਵਿਦਿਆਰਥੀ ਸਕੂਲਾਂ ਵਿੱਚ ਮੋਬਾਈਲ ਫੋਨ ਲੈ ਕੇ ਆਉਣ ਜਾਂ ਨਹੀਂ ? ਇਸ ਸਬੰਧੀ ਸਪੱਸ਼ਟ ਕੀਤਾ ਜਾਵੇ। ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਸ਼ੇਰੋਂ ਦੀਆਂ 2021-22 ਦੀਆਂ ਏਸੀਆਰ ਦਾ ਮਸਲਾ ਜਲਦ ਹੱਲ ਕੀਤਾ ਜਾਵੇ। ਸੀਈਪੀ ਦੇ ਟੈਸਟ ਦੌਰਾਨ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਡਿਊਟੀ ਦੂਰ ਦਰਾਡੇ ਲਗਾਉਣ ਦਾ ਵਿਰੋਧ ਕੀਤਾ ਗਿਆ। ਜ਼ਿਲ੍ਹਾ ਸਿਖਿਆ ਅਫ਼ਸਰ ਨੇ ਸਾਰੀਆਂ ਮੰਗਾਂ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਕੁਝ ਮੰਗਾਂ ਦਾ ਏਜੰਡਾ ਮਿਲਣ ਤੋਂ ਤੁਰੰਤ ਬਾਅਦ ਹੱਲ ਕਰ ਦਿੱਤਾ ਹੈ ਅਤੇ ਰਹਿੰਦੀਆਂ ਵਾਜ਼ਿਬ ਮੰਗਾਂ ਦਾ ਵੀ ਜਲਦੀ ਹੱਲ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸਰਬਜੀਤ ਸਿੰਘ ਪੁੰਨਾਵਾਲ, ਸੌਰਵ ਜੋਸ਼ੀ, ਗੁਰਬਿੰਦਰ ਸਿੰਘ ਜਲਾਣ, ਫ਼ਕੀਰ ਸਿੰਘ ਟਿੱਬਾ, ਓਮ ਪ੍ਰਕਾਸ਼, ਜਸਵਿੰਦਰ ਸਿੰਘ, ਬੱਗਾ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ, ਦਿਨੇਸ਼ ਕੁਮਾਰ, ਗੁਰਜੀਤ ਸਿੰਘ, ਅਜੈ ਕੁਮਾਰ, ਜਗਤਾਰ ਸਿੰਘ ਚੱਠਾ, ਜਸਵਿੰਦਰ ਸਿੰਘ ਕੈਂਥ ਮੌਜੂਦ ਸਨ।