ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 14 ਨਵੰਬਰ
ਵਕਫ ਬੋਰਡ ਵੱਲੋਂ ਪਿੰਡ ਘਾਸਵਾ ਦੇ ਕਬਰਿਸਤਾਨ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਉਣ ਉਪਰੰਤ ਪੰਚਾਇਤ ਵੱਲੋਂ ਸ਼ੁਰੂ ਕੀਤੇ ਗਏ ਨਿਰਮਾਣ ਵਿੱਚ ਪਿੰਡ ਦੇ ਕੁੱਝ ਲੋਕਾਂ ਵਲੋਂ ਅੜਚਣ ਪਾਉਣ ਅਤੇ ਸਰਪੰਚ ਨੂੰ ਜਾਤੀ ਸੂਚਕ ਗਾਲ਼ਾਂ ਦੇਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਨੂੰ ਲੈ ਕੇ ਅੱਜ ਪਿੰਡ ਦੀ ਪੰਚਾਇਤ ਦੇ ਪ੍ਰਤੀਨਿਧੀਆਂ ਦਾ ਵਫ਼ਦ ਸਰਪੰਚ ਗੁਰਚਰਨ ਸਿੰਘ ਦੀ ਅਗਵਾਈ ਹੇਠ ਐੱਸਡੀਐੱਮ ਨੂੰ ਮਿਲਿਆ। ਵਫ਼ਦ ਵਿੱਚ ਸੁਖਪਾਲ ਸਿੰਘ, ਹਰਜੀਤ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ, ਸੇਵਾ ਸਿੰਘ, ਨਾਨੂ ਰਾਮ, ਅਮਨਪ੍ਰੀਤ ਨੇ ਐੱਸਡੀਐੱਮ ਨੂੰ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਪਿੰਡ ਦੇ ਕਬਰਿਸਤਾਨ ਦੇ ਵਿਚਕਾਰਲੇ ਰਸਤੇ ’ਤੇ ਕੁੱਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਇਸ ਉਪਰੰਤ ਪੰਚਾਇਤ ਨੇ ਵਕਫ ਬੋਰਡ ਦੀ ਸਹਾਇਤਾ ਨਾਲ ਕਬਰਸਤਾਨ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ਾ ਛੁਡਾ ਲਿਆ। ਉਨ੍ਹਾਂ ਪਿੰਡ ਦੇ ਕੁੱਝ ਨਾਮਜ਼ਦ ਰਣਜੀਤ ਸਿੰਘ ਅਤੇ ਜਸਪਾਲ ਸਿੰਘ ਆਦਿ ’ਤੇ ਨਿਰਮਾਣ ਕੰਮ ਵਿੱਚ ਅੜਚਣ ਪੈਦਾ ਕਰਨ ਦਾ ਦੋਸ਼ ਲਾਇਆ। ਪਿੰਡ ਦੇ ਪ੍ਰਤੀਨਿਧੀਆਂ ਨੇ ਦੋਸ਼ ਲਗਾਇਆ ਕਿ ਇਨ੍ਹਾਂ ਲੋਕਾਂ ਨੇ ਸਰਪੰਚ ਦੇ ਨਾਲ ਵਾਰ ਵਾਰ ਗਾਲ਼ੀ ਗਲੋਚ ਕੀਤਾ ਹੈ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਐੱਸਡੀਐੱਮ ਨੇ ਸਬੰਧਤ ਸ਼ਿਕਾਇਤ ਨੂੰ ਡੀਐੱਸਪੀ ਨੂੰ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਉਧਰ, ਰਣਜੀਤ ਸਿੰਘ ਸਾਰੇ ਦੋਸ਼ਾਂ ਨੂੰ ਨਿਰਅਧਾਰ ਦੱਸਿਆ। ਉਨ੍ਹਾਂ ਕਿਹਾ ਕਿ ਕਬਰਿਸਤਾਨ ਦਾ ਜਿੱਥੇ ਨਿਰਮਾਣ ਹੋ ਰਿਹਾ ਹੈ ਉਥੇ ਪੁਰਾਣੇ ਦਰੱਖਤ ਲੱਗੇ ਹੋਏ ਸੀ, ਜੋ ਸਰਪੰਚ ਨੇ ਬਿਨਾਂ ਇਜਾਜ਼ਤ ਕਟਵਾ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਵਣ ਵਿਭਾਗ ਅਤੇ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਤਾਂ ਕਿ ਦਰੱਖਤ ਕੱਟਣ ਦੀ ਕਾਰਵਾਈ ਹੋ ਸਕੇ। ਉਨ੍ਹਾਂ ਸਰਪੰਚ ਵੱਲੋਂ ਗਾਲ਼ਾਂ ਕੱਢਣ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਲਗਾਏ ਦੋਸ਼ਾਂ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ ਹੈ।