ਪੱਤਰ ਪ੍ਰੇਰਕ
ਤਰਨ ਤਾਰਨ, 14 ਨਵੰਬਰ
ਪਿੰਡ ਰੱਤੋਕੇ ਦੇ 55 ਸਾਲਾ ਜਗਤਾਰ ਸਿੰਘ ਦੇ ਆਪਣੇ ਹੀ ਪਿੰਡ ਤੋਂ ਜਾਣਕਾਰ ਉਸ ਦਾ ਏਟੀਐੱਮ ਚੋਰੀ ਕਰ ਕੇ ਬੈਂਕ ਖਾਤੇ ਵਿੱਚੋਂ ਅੱਠ ਲੱਖ ਰੁਪਏ ਕਢਵਾ ਗਏ| ਪੀੜਤ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਗੁਰਲਾਲ ਸਿੰਘ, ਚਾਨਣ ਸਿੰਘ, ਆਕਾਸ਼, ਪ੍ਰੀਤ ਸਿੰਘ ਅਤੇ ਉਸਦੇ ਭਰਾ ਸੋਨੂੰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ| ਸ਼ਿਕਾਇਤਕਰਤਾ ਜਗਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਿੰਨ ਮਹੀਨੇ ਦੇ ਕਰੀਬ ਸ਼ਾਮ ਵੇਲੇ ਉਸਦੇ ਘਰ ਆਏ ਤੇ ਉਨ੍ਹਾਂ ਸ਼ਰਾਬ ਪੀਂਦਿਆਂ ਉਸਦਾ ਏਟੀਐੱਮ ਕਾਰਡ ਚੋਰੀ ਲਿਆ| ਇਸ ਤੋਂ ਪਹਿਲਾਂ ਮੁਲਜ਼ਮ ਪ੍ਰੀਤ ਸਿੰਘ ਨੇ ਉਸ ਦੇ ਏਟੀਐੱਮ ਕਾਰਡ ਦਾ ਪਾਸਵਰਡ ਨੋਟ ਕੀਤਾ ਹੋਇਆ ਸੀ|
ਮੁਲਜ਼ਮਾਂ ਨੇ ਉਸਦੇ ਪੰਜਾਬ ਨੈਸ਼ਨਲ ਬੈਂਕ ਦੀ ਚੋਹਲਾ ਸਾਹਿਬ ਸ਼ਾਖਾ ਦੇ ਖਾਤੇ ਵਿੱਚੋਂ ਏਟੀਐੱਮ ਕਾਰਡ ਰਾਹੀਂ ਇਸ ਸਾਲ 11 ਮਈ ਤੋਂ 19 ਸਤੰਬਰ ਦਰਮਿਆਨ ਅੱਠ ਲੱਖ ਰੁਪਏ ਕਢਵਾ ਲਏ| ਉਸ ਨੂੰ ਇਸ ਦੀ ਜਾਣਕਾਰੀ ਬੈਂਕ ਤੋਂ ਹਾਸਲ ਕੀਤੀ ਸਟੇਟਮੈਂਟ ਤੋਂ ਮਿਲੀ| ਥਾਣਾ ਦੇ ਸਬ-ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖਿਲਾਫ਼ ਬੀ ਐੱਨ ਐੱਸ ਦੀ ਦਫ਼ਾ 318 (4), 305 ਤੇ 61 (2) ਅਧੀਨ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਫ਼ਰਾਰ ਚੱਲ ਰਹੇ ਹਨ| ਜਗਤਾਰ ਸਿੰਘ ਦਾ ਲੜਕਾ ਵਿਦੇਸ਼ ਰਹਿੰਦਾ ਹੈ ਅਤੇ ਉਸ ਦੀ ਪਤਨੀ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ| ਉਹ ਘਰ ਵਿੱਚ ਇਕੱਲਾ ਰਹਿੰਦਾ ਹੈ|