ਐੱਨ ਪੀ ਧਵਨ
ਪਠਾਨਕੋਟ, 14 ਨਵੰਬਰ
ਹਲਕਾ ਭੋਆ ਦੇ ਪਿੰਡ ਦਤਿਆਲ ਵਿੱਚ ਚੱਲ ਰਹੀ ਮਾਈਨਿੰਗ ਨੂੰ ‘ਨਾਜਾਇਜ਼’ ਮਾਈਨਿੰਗ ਦੱਸ ਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਉੱਥੇ ਲੱਗੀ ਹੋਈ ਮਸ਼ੀਨਰੀ (ਪੋਕਲੇਨ ਮਸ਼ੀਨ ਤੇ ਟਿੱਪਰਾਂ) ਮੂਹਰੇ ਖੜ੍ਹ ਕੇ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਦਿੱਤਾ। ਇਸ ਮੌਕੇ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਮਾਈਨਿੰਗ ਮਾਫ਼ੀਆ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਅੰਜਾਮ ਦਿੰਦਿਆਂ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਕੀਤੀਆਂ ਜਾ ਰਹੀਆਂ ਹਨ। ਦੂਸਰੇ ਪਾਸੇ, ਮਾਈਨਿੰਗ ਵਿਭਾਗ ਦੇ ਅਧਿਕਾਰੀ ਨੇ ਇਸ ਮਾਈਨਿੰਗ ਨੂੰ ਕਾਨੂੰਨੀ ਮਾਈਨਿੰਗ ਦੱਸਿਆ ਹੈ। ਇਸ ਮੌਕੇ ਧਰਨੇ ’ਤੇ ਬੈਠਣ ਵਾਲਿਆਂ ਵਿੱਚ ਸਰਬਜੀਤ ਸਾਬਾ, ਚੇਅਰਮੈਨ ਰਾਜ ਕੁਮਾਰ ਸਿਹੋੜਾ, ਜ਼ਿਲ੍ਹਾ ਕਿਸਾਨ ਸੈਲ ਦੇ ਪ੍ਰਧਾਨ ਰਾਕੇਸ਼ ਬੌਬੀ, ਜ਼ਿਲ੍ਹਾ ਓਬੀਸੀ ਸੈਲ ਦੇ ਪ੍ਰਧਾਨ ਕੁਲਜੀਤ ਸੈਣੀ, ਜ਼ਿਲ੍ਹਾ ਉਪ-ਪ੍ਰਧਾਨ ਗੋਰਾ ਸੈਣੀ, ਸਾਬਕਾ ਚੇਅਰਮੈਨ ਤਰਸੇਮ ਰਤੜਵਾਂ, ਹਰਸ਼ ਸ਼ਰਮਾ, ਸਤੀਸ਼ ਸਰਨਾ, ਰਵਿੰਦਰ ਸ਼ਰਮਾ ਤੇ ਬਿੰਦੂ ਕੁਮਾਰ ਆਦਿ ਹਾਜ਼ਰ ਸਨ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪਿਛਲੇ ਕੁੱਝ ਦਿਨਾਂ ਤੋਂ ਮਾਫ਼ੀਆ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਇਸ ਖੇਤਰ ਵਿੱਚ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਫ਼ਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਦੂਸਰੇ ਪਾਸੇ, ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਜਿਉਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਖੇਤਰ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਤਾਂ ਉਹ ਤੁਰੰਤ ਪਿੰਡ ਦਤਿਆਲ ਪੁੱਜੇ। ਉਨ੍ਹਾਂ ਦੇਖਿਆ ਕਿ ਲੋਕਾਂ ਦੇ ਖੇਤਾਂ ਵਿੱਚੋਂ ਗੰਨੇ ਦੀ ਫ਼ਸਲ ਕੱਟ ਕੇ 20 ਤੋਂ 25 ਫੁੱਟ ਤੱਕ ਨਾਜਾਇਜ਼ ਮਾਈਨਿੰਗ ਕੀਤੀ ਜਾ ਚੁੱਕੀ ਸੀ। ਮਾਈਨਿੰਗ ਅਧਿਕਾਰੀ ਅਕਾਸ਼ ਅਗਰਵਾਲ ਦਾ ਕਹਿਣਾ ਸੀ ਕਿ ਜਿੱਥੇ ਮਾਈਨਿੰਗ ਹੋਈ ਹੈ, ਉਹ ਲੀਗਲ ਸਾਈਟ ਹੈ ਅਤੇ ਉੱਥੋਂ ਦੀ ਨਿਸ਼ਾਨਦੇਹੀ ਵੀ ਡੀਜੀਪੀ ਸਿਸਟਮ ਰਾਹੀਂ ਹੋ ਚੁੱਕੀ ਹੈ। ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਦੁਬਾਰਾ ਵੀ ਨਿਸ਼ਾਨਦੇਹੀ ਕਰਵਾਈ ਜਾ ਸਕਦੀ ਹੈ।