ਪੱਤਰ ਪ੍ਰੇਰਕ
ਤਰਨ ਤਾਰਨ, 14 ਨਵੰਬਰ
ਇੱਥੇ ਬੀਤੀ ਰਾਤ ਕਰੀਬ 8 ਵਜੇ ਕੌਮੀ ਮਾਰਗ ’ਤੇ ਸਰਹਾਲੀ ਨੇੜੇ ਇੱਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਜਣੇ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਹਾਦਸੇ ਵਿੱਚ ਦੋ ਹੋਰ ਜਣੇ ਜ਼ਖਮੀ ਹੋ ਗਏ| ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖਤ ਸੁਖਵਿੰਦਰ ਸਿੰਘ (45) ਵਾਸੀ ਗੋਇੰਦਵਾਲ ਸਾਹਿਬ ਰੋਡ, ਤਰਨ ਤਾਰਨ ਦੇ ਤੌਰ ’ਤੇ ਕੀਤੀ ਗਈ ਹੈ| ਮ੍ਰਿਤਕ ਦੇ ਜ਼ਖਮੀ ਹੋਏ ਲੜਕੇ ਹਰਮਨਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਬਾਠ ਰੋਡ ਤਰਨ ਤਾਰਨ ਤਰਨ ਤਾਰਨ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਵਾਲ ਪੇਪਰ ਦਾ ਕੰਮ ਕਰਦੇ ਤਿੰਨੋਂ ਜਣੇ ਇੱਕ ਮੋਟਰਸਾਈਕਲ ’ਤੇ ਜ਼ੀਰਾ ਤੋਂ ਕੰਮ ਖਤਮ ਕਰ ਕੇ ਤਰਨ ਤਾਰਨ ਨੂੰ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਨੂੰ ਸਰਹਾਲੀ ਨੇੜੇ ਪਿੱਛੋਂ ਆਉਂਦੀ ਇੱਕ ਮਹਿੰਦਰਾ ਪਿੱਕਅੱਪ ਨੇ ਆਪਣੀ ਚਪੇਟ ਵਿੱਚ ਲੈ ਲਿਆ ਤੇ ਉਹ ਸੜਕ ’ਤੇ ਡਿੱਗ ਗਏ| ਆਸ-ਪਾਸ ਤੋਂ ਲੋਕਾਂ ਨੇ ਤਿੰਨਾਂ ਜਣਿਆਂ ਨੂੰ ਸਰਹਾਲੀ ਦੇ ਕਮਿਊਨਿਟੀ ਸਿਹਤ ਕੇਂਦਰ (ਸੀਐੱਚਸੀ) ਸਰਹਾਲੀ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਸੁਖਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ| ਰਮਨਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ| ਸਰਹਾਲੀ ਪੁਲੀਸ ਦੇ ਏਐੱਸਆਈ ਬੀਰ ਸਿੰਘ ਨੇ ਦੱਸਿਆ ਕਿ ਮਹਿੰਦਰਾ ਪਿੱਕਅੱਪ ਦੇ ਡਰਾਈਵਰ ਦੀ ਸ਼ਨਾਖਤ ਮਨਜੀਤ ਸਿੰਘ ਵਾਸੀ ਚੱਕ ਸਵਾਮੀਆਂ ਵਾੜਾ ਦੇ ਤੌਰ ’ਤੇ ਕੀਤੀ ਗਈ ਹੈ ਜਿਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ|
ਧਾਰੀਵਾਲ (ਪੱਤਰ ਪ੍ਰੇਰਕ): ਇੱਥੇ ਸ਼ਹਿਰ ਦੇ ਬਾਹਰਵਾਰ ਬਾਈਪਾਸ ਖੁੰਡਾ ਪੁਲ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ 22 ਸਾਲਾ ਨੌਜਵਾਨ ਲੜਕੇ ਗੰਭੀਰ ਜ਼ਖਮੀ ਹੋ ਗਿਆ। ਇਸ ਮਗਰੋਂ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵੰਤ (22) ਪੁੱਤਰ ਅਮਾਨਤ ਵਾਸੀ ਨੌਸ਼ਹਿਰਾ ਵਜੋਂ ਹੋਈ। ਮ੍ਰਿਤਕ ਦੇ ਪਿਤਾ ਨੇ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਦੱਸਿਆ ਕਿ ਉਸਦਾ ਲੜਕਾ ਜਸਵੰਤ ਆਪਣੇ ਸਕੂਟਰ ’ਤੇ ਆਪਣੇ ਨਾਨਕੇ ਪਿੰਡ ਜਫਰਵਾਲ ਨੂੰ ਜਾਂਦੇ ਸਮੇਂ ਜਦੋਂ ਸ਼ਹਿਰ ਧਾਰੀਵਾਲ ਦੇ ਬਾਹਰਵਾਰ ਬਾਈਪਾਸ ਖੁੰਡਾ ਪੁਲ ਨੇੜੇ ਪਹੁੰਚਿਆ ਤਾਂ ਉਹ ਕਿਸੇ ਅਣਪਛਾਤੇ ਵਾਹਨ ਚਾਲਕ ਵੱਲੋਂ ਮਾਰੀ ਫੇਟ ਕਾਰਨ ਗੰਭੀਰ ਜ਼ਖਮੀ ਹੋ ਗਿਆ। ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਮ੍ਰਿਤਕ ਦੇ ਪਿਤਾ ਅਮਾਨਤ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।