ਜੋਗਿੰਦਰ ਸਿੰਘ ਮਾਨ
ਮਾਨਸਾ, 14 ਨਵੰਬਰ
ਵਿਦਿਆਰਥੀਆਂ ’ਚ ਐਸਟਰੋਨੋਮੀ ਅਤੇ ਸਪੇਸ ਤਕਨੀਕ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਇਨ੍ਹਾਂ ਪ੍ਰਤੀ ਵਿਦਿਆਰਥੀ ’ਚ ਰੂਚੀ ਪੈਦਾ ਕਰਨ ਲਈ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿੱਚ ਕਲਪਨਾ ਚਾਵਲਾ ਐਸੋਟਰੋਲੈਬ ਸਥਾਪਿਤ ਕੀਤੀ ਗਈ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਕੂਲ ਵਿੱਚ ਕਲਪਨਾ ਚਾਵਲਾ ਐਸਟਰੋਲੈਬ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈਡ ਕਰਾਸ ਦੇ ਉਪਰਾਲਿਆਂ ਸਦਕਾ ਇਹ ਲੈਬ ਸਥਾਪਿਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਸਕੂਲ ਵਿੱਚ ਖੁੱਲ੍ਹਣ ਵਾਲੀ ਪੰਜਾਬ ਦੀ ਪਹਿਲੀ ਐਸਟਰੋ ਲੈਬ ਹੈ ਅਤੇ ਇਸ ਲੈਬ ਤੋਂ ਸਿੱਖਿਆ ਪ੍ਰਾਪਤ ਕਰ ਕੇ ਭਵਿੱਖ ਵਿੱਚ ਵਿਦਿਆਰਥੀ ਚੰਗੇ ਪੱਧਰ ਦੇ ਸਪੇਸ ਵਿਗਿਆਨੀ ਬਣ ਕੇ ਆਪਣੇ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਲੈਬ ਵਿੱਚ ਹੋਰ ਸਕੂਲਾਂ ਦੇ ਬੱਚਿਆਂ ਦੇ ਵੀ ਦੌਰੇ ਕਰਵਾਏ ਜਾਣਗੇ ਤਾਂ ਜੋ ਸਾਇੰਸ ਨਾਲ ਸਬੰਧਤ ਗੱਲਾਂ ਪ੍ਰਤੀ ਉਨ੍ਹਾਂ ਨੂੰ ਜਾਣਕਾਰੀ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਇਸ ਤਰ੍ਹਾਂ ਦੀ ਲੈਬ ਦਾ ਖੁੱਲ੍ਹਣਾ ਵਿਦਿਆਰਥੀਆਂ ਦੇ ਗਿਆਨ ਵਿੱਚ ਹੋਰ ਵੀ ਵਾਧਾ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਅਜਿਹੀ ਲੈਬ ਦੇ ਖੁੁੁੱਲ੍ਹਣ ਨਾਲ ਸਰਕਾਰੀ ਸਕੂਲਾਂ ਦੀ ਦਿੱਖ ਅਤੇ ਸਿੱਖਿਆ ਦਾ ਮਿਆਰ ਹੋਰ ਵੀ ਉੱਚਾ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਬਾਰੇ ਜਾਣਨ ਅਤੇ ਸਿੱਖਣ ਦਾ ਬਿਹਤਰ ਮੌਕਾ ਮਿਲੇਗਾ।