ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਨਵੰਬਰ
ਮੁਹਾਲੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਦੇ ਦੋਸ਼ ਹੇਠ ਇੱਕ ਟਰੈਵਲ ਏਜੰਟ ਪ੍ਰਭਸਿਮਰਨ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਅਮਨਦੀਪ ਤਰੀਕਾ ਨੇ ਦੱਸਿਆ ਕਿ ਇਹ ਕਾਰਵਾਈ ਸ਼ੁਭਮ ਖਟਕੜ ਵਾਸੀ ਪਿੰਡ ਬਤੌਰਾ (ਅੰਬਾਲਾ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਵਿਦੇਸ਼ ਜਾਣ ਲਈ ਪ੍ਰਭ ਵੀਜ਼ਾ ਕੋਲ ਅਪਲਾਈ ਕੀਤਾ ਸੀ। ਇਸ ਸਬੰਧੀ ਟਰੈਵਲ ਏਜੰਟ ਨੇ ਉਸ ਕੋਲੋਂ ਚੈੱਕ ਰਾਹੀਂ 2 ਲੱਖ ਰੁਪਏ ਲਏ ਸਨ ਪ੍ਰੰਤੂ ਬਾਅਦ ਵਿੱਚ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਥਾਣੇਦਾਰ ਗੁਰਤੇਜ ਸਿੰਘ ਨੂੰ ਸੌਂਪੀ ਗਈ। ਉਨ੍ਹਾਂ ਦੱਸਿਆ ਕਿ ਟਰੈਵਲ ਏਜੰਟ ਵੱਲੋਂ ਬਿਨਾਂ ਲਾਇਸੈਂਸ ਤੋਂ ਫੇਜ਼-7 ਵਿੱਚ ਇਮੀਗਰੇਸ਼ਨ ਦਾ ਦਫ਼ਤਰ ਖੋਲ੍ਹ ਕੇ ਭੋਲੇ-ਭਾਲੇ ਲੋਕਾਂ ਨਾਲ ਸ਼ਰ੍ਹੇਆਮ ਠੱਗੀਆਂ ਮਾਰੀਆਂ ਜਾ ਰਹੀਆਂ ਸਨ।