ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਨਵੰਬਰ
ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਵਿੱਚ ਬਾਲ ਦਿਵਸ ਦੇ ਮੌਕੇ ਫਾਊਡੇਸ਼ਨ ਸਟੇਜ ਦੇ ਵਿਦਿਆਰਥੀਆਂ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਨਰਸਰੀ ਤੋਂ ਦੂਸਰੀ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਦੁਆਰਾ ਡਾਂਸ, ਨਾਟਕ, ਸਕਿੱਟ ਅਤੇ ਮਾਡਲਿੰਗ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਵਿੱਚ ਡਾ. ਪ੍ਰਤੀਕ ਸ਼ਰਮਾ (ਮਨੋਵਿਗਿਆਨੀ) ਕਰੁਨਾ ਹਸਪਤਾਲ ਸੰਗਰੂਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਕੌਰ ਗਰੇਵਾਲ ਨੇ ਮਾਪਿਆਂ ਨੂੰ ਸੰਬੋਧਨ ਕੀਤਾ। ਮੁਖੀ ਨਰਸਰੀ ਵਿੰਗ ਸੀਮਾ ਧਵਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਬਾਲ ਦਿਵਸ ਮਨਾਇਆ ਗਿਆ। ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੇ ਡਾਇਰੈਕਟਰ ਡਾ. ਰਮਨ ਮੈਣੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ।