ਪਰਮਜੀਤ ਸਿੰਘ
ਫਾਜ਼ਿਲਕਾ, 14 ਨਵੰਬਰ
ਪਿੰਡ ਝੰਗੜ ਭੈਣੀ ਵਿੱਚ 8 ਲੱਖ ਰੁਪਏ ਦੀ ਲਾਗਤ ਨਾਲ ਪਾਈ ਜਾਣ ਵਾਲੀ ਪਾਈਪ ਲਾਈਨ ਦਾ ਨੀਂਹ ਪੱਥਰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਰੱਖਿਆ। ਉਨ੍ਹਾਂ ਕਿਹਾ ਕਿ ਪਾਈਨ ਲਾਈਨ ਪੈਣ ਨਾਲ ਰਾਮ ਸਿੰਘ ਭੈਣੀ, ਮਹਾਤਮ ਨਗਰ, ਤੇਜਾ ਰੁਹੇਲਾ, ਚੱਕ ਰੁਹੇਲਾ, ਗੱਟੀ ਨੰਬਰ 1, ਦੌਨਾ ਰੇਤੇ ਵਾਲੀ ਭੈਣੀ, ਢਾਣੀ ਸੱਦਾ ਸਿੰਘ ਵਿੱਚ ਆਉਣਾ-ਜਾਣਾ ਸੁਖਾਲਾ ਹੋ ਜਾਵੇਗਾ। ਸ੍ਰੀ ਸਵਨਾ ਨੇ ਕਿਹਾ ਕਿ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਪਿਛਲੇ ਕਾਫੀ ਸਮੇਂ ਤੋਂ ਆ ਰਹੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਪਾਈਪ ਲਾਈਨ ਪਾਉਣ ਦਾ ਕਾਰਜ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦੀ ਪੂਰਤੀ ਹੋਣ ਨਾਲ ਸੜਕਾ ਤੇ ਪਾਣੀ ਇਕਠਾ ਨਹੀਂ ਹੋਵੇਗਾ, ਪਾਣੀ ਦੀ ਨਿਕਾਸੀ ਨਿਰਵਿਘਨ ਸੁਚਾਰੂ ਢੰਗ ਨਾਲ ਹੋ ਸਕੇਗੀ ਤੇ ਕੋਈ ਵੀ ਅਣਸੁਖਾਵੀ ਘਟਨਾ ਵੀ ਨਹੀਂ ਵਾਪਰੇਗੀ। ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ, ਸਰਪੰਚ ਬਲਵੰਤ ਸਿੰਘ, ਜਥੇਦਾਰ ਹਰਮੰਦਰ ਸਿੰਘ ਬਰਾੜ, ਸਰਪੰਚ ਹਰਮੇਸ਼ ਸਿੰਘ, ਲਛਮਣ ਸਿੰਘ, ਅੰਗਰੇਜ਼ ਸਿੰਘ ਤੇਜਾ ਰੁਹੇਲਾ, ਸਰਪੰਚ ਬਗੂ ਸਿੰਘ, ਖੁਸ਼ਹਾਲ ਸਿੰਘ ਮੈਂਬਰ ਜ਼ਿਲ੍ਹਾ ਪਰਿਸ਼ਦ ਤੇ ਹੋਰ ਹਾਜ਼ਰ ਸਨ।