* ਡਿੰਪੀ ਢਿੱਲੋਂ ਤੇ ਅੰਮ੍ਰਿਤਾ ਵੜਿੰਗ ਦੀ ਸਿੱਧੀ ਟੱਕਰ ’ਚ ਮਨਪ੍ਰੀਤ ਬਾਦਲ ਦੀ ਘੁਸਪੈਠ
ਚਰਨਜੀਤ ਭੁੱਲਰ
ਗਿੱਦੜਬਾਹਾ, 15 ਨਵੰਬਰ
ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੌਰਾਨ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੈ। ਜਿੱਤ ਦਾ ਰਾਹ ਕਿਸੇ ਲਈ ਸੁਖਾਲਾ ਨਹੀਂ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਸਦ ਮੈਂਬਰ ਬਣਨ ਕਰ ਕੇ ਗਿੱਦੜਬਾਹਾ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ। ਪਹਿਲਾਂ 1995 ’ਚ ਇਸ ਹਲਕੇ ’ਚ ਜ਼ਿਮਨੀ ਚੋਣ ਹੋਈ ਸੀ। ਹਲਕੇ ਦਾ ਗੇੜਾ ਲਾ ਕੇ ਵੋਟਰਾਂ ਦੀ ਨਬਜ਼ ਟਟੋਲੀ ਗਈ ਤਾਂ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਦੀ ਸਿੱਧੀ ਟੱਕਰ ਵਿੱਚ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਘੁਸਪੈਠ ਕਰਦੇ ਨਜ਼ਰ ਆਏ। ਗਿੱਦੜਬਾਹਾ ਸ਼ਹਿਰ ਦੇ ਵੋਟਰ ਦਿਲ ਦਾ ਭੇਤ ਨਹੀਂ ਦੇ ਰਹੇ, ਜਦੋਂ ਕਿ ਪੇਂਡੂ ਵੋਟਰ ਟੇਢੇ ਢੰਗ ਨਾਲ ਮਨ ਦੀ ਸਿਆਸੀ ਗੰਢ ਖੋਲ੍ਹ ਰਹੇ ਹਨ। ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਦੇ ਪੱਖ ’ਚ ਤਿੰਨ ਨੁਕਤੇ ਉੱਭਰਵੇਂ ਰੂਪ ਵਿੱਚ ਪੇਸ਼ ਹੋ ਰਹੇ ਹਨ। ਪਹਿਲਾ, ਡਿੰਪੀ ਢਿੱਲੋਂ ਨੂੰ ਪਿਛਲੀਆਂ ਦੋ ਚੋਣਾਂ ਹਾਰਨ ਕਰ ਕੇ ਸਿਆਸੀ ਹਮਦਰਦੀ ਮਿਲ ਰਹੀ ਹੈ। ਦੂਜਾ, ਸੱਤਾਧਾਰੀ ਧਿਰ ਦਾ ਉਮੀਦਵਾਰ ਹੋਣ ਦਾ ਫਾਇਦਾ ਮਿਲ ਰਿਹਾ ਹੈ ਅਤੇ ਤੀਜਾ ਫਾਇਦਾ, ਉਸ ਨੂੰ ਸਥਾਨਕ ਬਾਸ਼ਿੰਦਾ ਹੋਣ ਦਾ ਹੈ। ਡਿੰਪੀ ਢਿੱਲੋਂ ਹਰੇਕ ਸਟੇਜ ਤੋਂ ਆਖਦਾ ਹੈ, ‘‘ਮੈਨੂੰ ਦੋ ਸਾਲ ਦੇ ਦਿਓ, ਥੋਡੇ ਮਸਲੇ ਹੱਲ ਨਾ ਹੋਏ ਤਾਂ 2027 ’ਚ ਵੋਟ ਨਾ ਪਾਇਓ।’’ ਡਿੰਪੀ ਢਿੱਲੋਂ ਨੂੰ ਪੰਚਾਇਤੀ ਚੋਣਾਂ ਵਿੱਚ ਕਰੀਬ 20 ਪਿੰਡਾਂ ’ਚ ਹੋਈ ਧਾਂਦਲੀ ਦਾ ਦਾਗ ਧੋਣ ਵਿੱਚ ਮੁਸ਼ਕਿਲ ਆ ਰਹੀ ਹੈ। ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਔਰਤ ਹੋਣ ਅਤੇ ਭਾਸ਼ਣ ਕਲਾ ’ਚ ਮੁਹਾਰਤ ਦਾ ਫਾਇਦਾ ਮਿਲ ਰਿਹਾ ਹੈ। ਰਾਜਾ ਵੜਿੰਗ ਦੇ ਹੱਥ ਇਸ ਹਲਕੇ ਦੀ ਵਾਗਡੋਰ ਕਰੀਬ 14 ਸਾਲ ਰਹੀ ਹੈ। ਇਸ ਲਈ ਅੰਮ੍ਰਿਤਾ ਵੜਿੰਗ ਨੂੰ ਪਤੀ ਵੱਲੋਂ ਕੀਤੇ ਕੰਮਾਂ ਦਾ ਲਾਹਾ ਮਿਲਣਾ ਸੁਭਾਵਿਕ ਹੈ। ਗਿੱਦੜਬਾਹਾ ਛੱਡ ਕੇ ਲੁਧਿਆਣਾ ਜਾਣ ਕਰ ਕੇ ਰਾਜਾ ਵੜਿੰਗ ਨੂੰ ਸਿਆਸੀ ਨੁਕਸਾਨ ਹੋਣ ਦਾ ਡਰ ਹੈ। ਚਾਰ ਵਾਰ ਗਿੱਦੜਬਾਹਾ ਤੋਂ ਵਿਧਾਇਕ ਬਣੇ ਮੌਜੂਦਾ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਨੇ ਦਲਿਤ ਭਾਈਚਾਰੇ ਦੇ ਵੋਟ ਬੈਂਕ ’ਚ ਸੰਨ੍ਹ ਲਾ ਲਈ ਹੈ, ਜਿਸ ਕਰ ਕੇ ਕਾਂਗਰਸੀ ਉਮੀਦਵਾਰ ਦੀ ਚਿੰਤਾ ਵਧੀ ਹੈ। ਹਲਕੇ ਵਿੱਚ ਕਾਂਗਰਸੀ ਪੋਸਟਰਾਂ ’ਤੇ ਪਹਿਲਾਂ ਅੰਮ੍ਰਿਤਾ ਵੜਿੰਗ ਅਤੇ ਰਾਜਾ ਵੜਿੰਗ ਦੀ ਤਸਵੀਰ ਹੀ ਨਜ਼ਰ ਪੈਂਦੀ ਸੀ। ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਵੀ ਪੋਸਟਰਾਂ ਦਾ ਹਿੱਸਾ ਬਣ ਗਈ ਹੈ। ਚੰਨੀ 17 ਨਵੰਬਰ ਨੂੰ ਹਲਕੇ ਵਿੱਚ ਸਿਆਸੀ ਰੈਲੀਆਂ ਕਰਨ ਵਾਸਤੇ ਪੁੱਜ ਰਹੇ ਹਨ। ਦੋਦਾ ਪਿੰਡ ਵਿੱਚ ਅੰਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਲਈ ਵੱਜ ਰਹੇ ਸਪੀਕਰ ਤੋਂ ‘ਘਰ-ਘਰ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ’ ਗੂੰਜ ਰਿਹਾ ਸੀ। ਮਨਪ੍ਰੀਤ ਬਾਦਲ ਨੂੰ ਡੇਰਾ ਸਿਰਸਾ ਦੀ ਬੱਝਵੀਂ ਵੋਟ ਪੈਣ ਦੀ ਆਸ ਹੈ। ਜ਼ਿਮਨੀ ਚੋਣ ਦੇ ‘ਆਪ’ ਇੰਚਾਰਜ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 16 ਨਵੰਬਰ ਨੂੰ ਗਿੱਦੜਬਾਹਾ ’ਚ ਚੋਣ ਰੈਲੀਆਂ ਕਰਨਗੇ। ਗਿੱਦੜਬਾਹਾ ਦੇ ਭਾਰੂ ਚੌਕ ਦੇ ਲੱਕੜ ਦੇ ਆਰੇ ਵਾਲੇ ਬਜ਼ੁਰਗ ਕਸ਼ਮੀਰ ਸਿੰਘ ਨੇ ਕਿਹਾ, ‘‘ਝਾੜੂ ਵਾਲਾ ਪੁਰਾਣਾ ਬੰਦਾ ਹੈ, ਇਸ ਨੂੰ ਪਰਖ ਲੈਂਦੇ ਹਾਂ।’’ ਸ਼ਹਿਰ ਦੇ ਕਰਿਆਨਾ ਸਟੋਰ ਵਾਲੇ ਗੁਰਬਖ਼ਸ਼ ਸਿੰਘ ਨੇ ਸ਼ਹਿਰ ਦੇ ਸੀਵਰੇਜ ਤੇ ਪੀਣ ਵਾਲੇ ਪਾਣੀ ਨੂੰ ਵੱਡੀ ਮੁਸ਼ਕਿਲ ਦੱਸਿਆ। ਨਾਲ ਹੀ ਕਿਹਾ ਕਿ ਮੀਂਹ ਪੈਣ ਦਾ ਮਤਲਬ ਗਿੱਦੜਬਾਹਾ ਦੇ ਬਾਜ਼ਾਰ ਬੰਦ ਹੋਣਾ। ’ਪਿੰਡ ਕੋਟਭਾਈ ਦੀ ਸੱਥ ਵਿੱਚ ਬੈਠੇ ਕਿਸਾਨ ਰਮਨਦੀਪ ਸਿੰਘ ਨੇ ਐਨਾ ਹੀ ਕਿਹਾ, ‘ਜ਼ੋਰ ਤਿੰਨਾਂ ਦਾ ਹੈ’। ਉਸ ਦੇ ਸਾਥੀ ਅਜੈਬ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਨੇ ਵਿਕਾਸ ਕੰਮ ਅਧੂਰੇ ਛੱਡ ਦਿੱਤੇ ਹਨ। ਹਲਕੇ ਦੇ ਪਿੰਡ ਭਾਰੂ ਦੇ ਨੰਬਰਦਾਰ ਗੁਰਮੇਲ ਸਿੰਘ ਨੇ ਪਿੰਡ ਦੇ ਵਿਕਾਸ ਕੰਮਾਂ ਦੀ ਖੜ੍ਹੋਤ ਦਾ ਠੀਕਰਾ ਰਾਜਾ ਵੜਿੰਗ ਸਿਰ ਭੰਨ ਦਿੱਤਾ। ਇਸੇ ਪਿੰਡ ਦੇ ਬਲਬੀਰ ਸਿੰਘ ਨੇ ਐਤਕੀਂ ਲੋਕਾਂ ਦੀ ਹਮਦਰਦੀ ਡਿੰਪੀ ਢਿੱਲੋਂ ਨਾਲ ਹੋਣ ਦੀ ਗੱਲ ਆਖੀ। ਪਿੰਡ ਬੁੱਟਰ ਬਖੂਆ ਦੇ ਨੌਜਵਾਨ ਖੁਸ਼ਨੀਤ ਸਿੰਘ ਦਾ ਕਹਿਣਾ ਸੀ ਕਿ ਵੜਿੰਗ ਨੇ ਪਿੰਡ ਦਾ ਸਕੂਲ ਅਪਗਰੇਡ ਨਹੀਂ ਕਰਵਾਇਆ ਅਤੇ ਹੁਣ ਉਹ ਲੁਧਿਆਣੇ ਚਲੇ ਗਏ ਨੇ। ਉਹ ਡਿੰਪੀ ਢਿੱਲੋਂ ਦੇ ਸਥਾਨਕ ਹੋਣ ਦੇ ਫਾਇਦੇ ਵੀ ਗਿਣਾ ਰਿਹਾ ਸੀ। ਇਸ ਹਲਕੇ ਦੇ ਪਿੰਡਾਂ ਵਿੱਚ ‘ਆਪ’ ਤੇ ਕਾਂਗਰਸ ਦੇ ਪੋਸਟਰਾਂ ਦਾ ਹੜ੍ਹ ਦੇਖ ਕੇ ਲੱਗਦਾ ਸੀ ਕਿ ਮੁਕਾਬਲਾ ਕਿੰਨਾ ਫਸਵਾਂ ਹੈ। ਪਿੰਡ ਹੁਸਨਰ ਦਾ ਹਰਪ੍ਰੀਤ ਸਿੰਘ ਆਖਦਾ ਹੈ ਕਿ ਵੜਿੰਗ ਨੇ ਪਿੰਡ ਦੇ ਕੰਮ ਕੀਤੇ ਨੇ, ਜਿਸ ਕਰ ਕੇ ਸਰਪੰਚ ਵੀ ਕਾਂਗਰਸ ਦਾ ਬਣਿਆ ਹੈ। ਪਿੰਡ ਸਾਹਿਬ ਚੰਦ ਵਿੱਚ ਰਾਮ ਸਿੰਘ ਪੋਸਟਰ ਲਾ ਰਿਹਾ ਸੀ, ਜਿਸ ’ਤੇ ਡਿੰਪੀ ਢਿੱਲੋਂ ਵੱਲੋਂ ਬਾਦਲ ਪਰਿਵਾਰ ਨੂੰ ਦਗਾ ਦੇਣ ਦੀ ਇਬਾਰਤ ਸੀ। ਰਾਮ ਸਿੰਘ ਨੇ ਮਾਣ ਨਾਲ ਦੱਸਿਆ ਕਿ ਉਹ ਰਾਜਾ ਵੜਿੰਗ ਦਾ ਵਰਕਰ ਹੈ। ਪਿੰਡ ਦੋਦਾ ਦੇ ਬਜ਼ੁਰਗ ਪਿਆਰਾ ਸਿੰਘ ਨੇ ਕਿਹਾ ਕਿ ਐਤਕੀਂ ਪੋਸਟਰਾਂ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਪਿੰਡ ਭਲਾਈਆਣਾ ਦੇ ਬੱਸ ਅੱਡੇ ’ਤੇ ਤਾਸ਼ ਖੇਡ ਰਹੇ ਮੁਕੰਦ ਸਿੰਘ ਨੇ ਜ਼ੋਰ ਦੀ ਪੱਤਾ ਸੁੱਟਦਿਆਂ ਕਿਹਾ, ‘‘ਐਤਕੀਂ ਸੀਪ ਲਵਾ ਦਿਆਂਗੇ।’’ ਜਦੋਂ ਪੁੱਛਿਆ ਕਿਸ ਦੀ? ਤਾਂ ਉਸ ਨੇ ਕਿਹਾ, ‘‘ਜਿਹੜੇ ਤੜਿੰਗ ਹੋਏ ਨੇ।’’ ਹਲਕਾ ਗਿੱਦੜਬਾਹਾ ਦੇ ਪਿੰਡ ਦੋਦਾ, ਭਲਾਈਆਣਾ, ਕੋਟਲੀ, ਅਬਲੂ, ਕੋਟਭਾਈ ਆਦਿ ਵੱਡੇ ਪਿੰਡ ਹਨ। ਗਿੱਦੜਬਾਹਾ ਸ਼ਹਿਰ ਆਮ ਤੌਰ ’ਤੇ ਕਾਂਗਰਸ ਦੇ ਪੱਖ ਵਿੱਚ ਭੁਗਤਦਾ ਰਿਹਾ ਹੈ। ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਦੀ ਹਮਾਇਤ ਵਿੱਚ ਕੈਬਨਿਟ ਮੰਤਰੀ ਅਤੇ ਵਿਧਾਇਕ ਘਰੋ-ਘਰੀ ਜਾ ਕੇ ਵੋਟਾਂ ਮੰਗ ਰਹੇ ਹਨ। ਅੱਜ ਪਿੰਡ ਗੁਰੂਸਰ ’ਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਮੀਟਿੰਗ ਕਰ ਰਹੇ ਸਨ, ਜਦੋਂ ਕਿ ਪਿੰਡ ਛੱਤੇਆਣਾ ਵਿੱਚ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਚੋਣ ਪ੍ਰਚਾਰ ਕਰ ਰਹੇ ਸਨ। ਹਲਕੇ ਦੇ ‘ਆਪ’ ਵੱਲੋਂ ਸਹਾਇਕ ਇੰਚਾਰਜ ਲਾਏ ਵਿਧਾਇਕ ਲਾਡੀ ਢੋਸ ਪਿੰਡਾਂ ਤੋਂ ਰਿਪੋਰਟ ਲੈ ਰਹੇ ਸਨ। ਬਹੁਤੇ ਪਿੰਡਾਂ ’ਚ ਲੋਕਾਂ ਨੇ ਕਿਹਾ ਕਿ ਜੇ ਭਗਵੰਤ ਮਾਨ ਹਲਕੇ ਦਾ ਹੋਰ ਗੇੜਾ ਲਾ ਜਾਣ ਤਾਂ ਡਿੰਪੀ ਢਿੱਲੋਂ ਦੇ ਰਾਹ ਸੌਖੇ ਹੋਣ ਦੀ ਸੰਭਾਵਨਾ ਹੈ। ਡਿੰਪੀ ਢਿੱਲੋਂ ਦੇ ਪੋਸਟਰ ’ਤੇ ਦੂਰੋਂ ਨਜ਼ਰ ਪੈ ਰਿਹਾ ਸੀ, ‘‘ਤੁਹਾਡੇ ਤੋਂ ਮੰਗਦਾ ਹਾਂ ਢਾਈ ਸਾਲ ਬਨਾਮ 28 ਸਾਲ।’’ ਕਾਂਗਰਸ ਦੇ ਪੋਸਟਰਾਂ ’ਤੇ, ‘‘ਧੀਆਂ-ਭੈਣਾਂ ਦਾ ਮਾਣ ਵਧਾਵਾਂਗੇ, ਅੰਮ੍ਰਿਤਾ ਵੜਿੰਗ ਜਿਤਾਵਾਂਗੇ।’’ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਤੇ ਕਿਸਾਨਾਂ ਲਈ ਮੋਦੀ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਫ਼ਲੈਕਸ ਲਾਏ ਗਏ ਸਨ।
ਇਸ ਵਾਰ ਵੋਟ ਪੰਥ ਦੀ..
ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਵੀ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਉਮੀਦਵਾਰ ਹੈ। ਉਨ੍ਹਾਂ ਦਾ ਨਾਅਰਾ ਹੈ, ‘ਇਸ ਵਾਰ ਵੋਟ ਪੰਥ ਦੀ, ਸ਼ਹੀਦਾਂ ਦੇ ਲਹੂ ਤੇ ਗੁਰੂ ਗ੍ਰੰਥ ਦੀ।’’ ਉਨ੍ਹਾਂ ਦੇ ਚੋਣ ਨਿਸ਼ਾਨ ਬਾਲਟੀ ਵਾਲੇ ਪੋਸਟਰ ਵੀ ਪਿੰਡਾਂ ਵਿੱਚ ਲੱਗੇ ਹੋਏ ਨੇ।
ਹਲਕਾ ਗਿੱਦੜਬਾਹਾ ’ਤੇ ਇੱਕ ਝਾਤ
ਗਿੱਦੜਬਾਹਾ ਦੀ ਕਰੀਬ 37.60 ਫ਼ੀਸਦ ਦਲਿਤ ਵੋਟ ਹੈ, ਜਿਸ ’ਤੇ ਭਾਜਪਾ ਉਮੀਦਵਾਰ ਦੀ ਟੇਕ ਹੈ। ਦਿਹਾਤੀ ਖੇਤਰ ਦੇ 78.37 ਫ਼ੀਸਦ ਵੋਟਰ ਹਨ, ਜਦੋਂ ਕਿ 21.63 ਫੀਸਦੀ ਵੋਟਰ ਸ਼ਹਿਰੀ ਹਨ। ਇਸ ਹਲਕੇ ਦੀ ਪ੍ਰਕਾਸ਼ ਸਿੰਘ ਬਾਦਲ ਨੁਮਾਇੰਦਗੀ ਕਰ ਚੁੱਕੇ ਹਨ। ਮਨਪ੍ਰੀਤ ਬਾਦਲ ਚਾਰ ਵਾਰ ਇੱਥੋਂ ਚੋਣ ਜਿੱਤੇ ਹਨ। ਤਿੰਨ ਵਾਰ ਰਾਜਾ ਵੜਿੰਗ ਇੱਥੋਂ ਚੋਣ ਜਿੱਤ ਚੁੱਕੇ ਹਨ। ਸਾਲ 2022 ਵਿੱਚ ਕਾਂਗਰਸ ਨੂੰ 35.48 ਫ਼ੀਸਦ, ਅਕਾਲੀ ਦਲ ਨੂੰ 34.54 ਅਤੇ ‘ਆਪ’ ਨੂੰ 27.05 ਫ਼ੀਸਦ ਵੋਟ ਮਿਲੇ ਸਨ।
ਅੰਮ੍ਰਿਤਾ ਵੜਿੰਗ ਨੂੰ ਨੋਟਿਸ
ਗਿੱਦੜਬਾਹਾ ਦੇ ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਜਸਪਾਲ ਸਿੰਘ ਬਰਾੜ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਾਰਨ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਦੋ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਨੇ ਇਨ੍ਹਾਂ ਨੋਟਿਸਾਂ ਦਾ ਜਵਾਬ 24 ਘੰਟਿਆਂ ਦੇ ਅੰਦਰ ਮੰਗਿਆ ਹੈ। ‘ਆਪ’ ਦੇ ਚੋਣ ਏਜੰਟ ਜਗਤਾਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਕਾਂਗਰਸੀ ਉਮੀਦਵਾਰ ਵੱਲੋਂ ਮੁੱਖ ਮੰਤਰੀ ਅਤੇ ਡਿੰਪੀ ਢਿੱਲੋਂ ਦੀ ਫ਼ੋਟੋ ’ਤੇ ਕਰਾਸ ਲਗਾ ਕੇ ਅਤੇ ਪੋਸਟਰਾਂ ਵਿੱਚ ਪੰਚਾਇਤੀ ਚੋਣਾਂ ਦਾ ਨਾਮ ਵਰਤ ਕੇ ਡਿੰਪੀ ਢਿੱਲੋਂ ਦੇ ਅਕਸ ਨੂੰ ਢਾਹ ਲਾਈ ਗਈ ਹੈ। ਦੂਸਰੀ ਸ਼ਿਕਾਇਤ ਿਵਚ ਅਕਾਲੀ ਦਲ ਦਾ ਗ਼ਲਤ ਨਾਂ ਵਰਤ ਕੇ, ਡਿੰਪੀ ਢਿੱਲੋਂ ਦੇ ਅਕਸ ਨੂੰ ਢਾਹ ਲਾਈ ਹੈ।