* ਵਿਧਾਨ ਸਭਾ ਲਈ ਜ਼ਮੀਨ ਮਾਮਲੇ ’ਤੇ ਪੰਜਾਬ ਅਤੇ ਹਰਿਆਣਾ ਆਹਮੋ-ਸਾਹਮਣੇ
* ਹਰਿਆਣਾ ਨੂੰ ਪੰਚਕੂਲਾ ਵਿੱਚ ਵਿਧਾਨ ਸਭਾ ਬਣਾਉਣ ਦੀ ਦਿੱਤੀ ਨਸੀਹਤ
ਆਤਿਸ਼ ਗੁਪਤਾ
ਚੰਡੀਗੜ੍ਹ, 15 ਨਵੰਬਰ
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਵੱਖਰੀ ਇਮਾਰਤ ਬਣਾਉਣ ਲਈ 10 ਏਕੜ ਜ਼ਮੀਨ ਦੇਣ ਦੇ ਮਾਮਲੇ ’ਤੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਆਹਮੋ-ਸਾਹਮਣੇ ਆ ਗਈਆਂ ਹਨ। ਪੰਜਾਬ ਦੀ ‘ਆਪ’ ਸਰਕਾਰ ਅਤੇ ਸੂਬੇ ਦੀਆਂ ਹੋਰ ਸਿਆਸੀ ਪਾਰਟੀਆਂ ਨੇ ਇਕ-ਸੁਰ ਹੁੰਦਿਆਂ ਚੰਡੀਗੜ੍ਹ ’ਚ ਹਰਿਆਣਾ ਨੂੰ ਵਿਧਾਨ ਸਭਾ ਲਈ ਵੱਖਰੀ ਜ਼ਮੀਨ ਦੇਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਪੰਜਾਬ ਨਾਲ ਧੱਕੇਸ਼ਾਹੀ ਕਰਾਰ ਦਿੱਤਾ ਹੈ। ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਵੱਖਰੀ ਇਮਾਰਤ ਬਣਾਉਣ ਲਈ ਜ਼ਮੀਨ ਦੇਣ ਵਿਰੁੱਧ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਦੇ ਵਫ਼ਦ ਨੇ ਅੱਜ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ‘ਆਪ’ ਆਗੂਆਂ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਦਿਆਂ ਚੰਡੀਗੜ੍ਹ ’ਚ ਹਰਿਆਣਾ ਵਿਧਾਨ ਸਭਾ ਦੀ ਵੱਖਰੀ ਇਮਾਰਤ ਬਣਾਉਣ ਲਈ ਜ਼ਮੀਨ ਦੇਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ, ਪੰਜਾਬ ਦੀ ਰਾਜਧਾਨੀ ਹੈ ਅਤੇ ਕਿਸੇ ਹੋਰ ਸੂਬੇ ਨੂੰ ਇੱਥੇ ਵਿਧਾਨ ਸਭਾ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ। ਵਫ਼ਦ ’ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ‘ਆਪ’ ਆਗੂ ਦੀਪਕ ਬਾਲੀ ਅਤੇ ਪਰਮਿੰਦਰ ਸਿੰਘ ਗੋਲਡੀ ਮੌਜੂਦ ਸਨ। ਸ੍ਰੀ ਚੀਮਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪੰਚਕੂਲਾ ਵਿੱਚ 12 ਏਕੜ ਜ਼ਮੀਨ ਦੇ ਬਦਲੇ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਮੰਗੀ ਹੈ ਅਤੇ ਇਹ ਵਿਧਾਨ ਸਭਾ ਕੰਪਲੈਕਸ ਸਥਾਪਤ ਕਰਨ ਦੇ ਉਨ੍ਹਾਂ ਦੇ ਸਪੱਸ਼ਟ ਏਜੰਡੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਇਸ ਕਦਮ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਚੰਡੀਗੜ੍ਹ ਦੀ ਇਕ ਇੰਚ ਜ਼ਮੀਨ ਵੀ ਹਰਿਆਣਾ ਨੂੰ ਨਹੀਂ ਦੇਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਅਤੇ ਹਰਿਆਣਾ ਬਣੇ ਸਨ ਤਾਂ ਇਹ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਹਰਿਆਣਾ ਆਪਣੀ ਰਾਜਧਾਨੀ ਪੰਚਕੂਲਾ ਵਿਚ ਸਥਾਪਤ ਕਰੇਗਾ। ਇਸੇ ਲਈ ਹਰਿਆਣਾ ਨੂੰ ਆਪਣੀ ਵਿਧਾਨ ਸਭਾ ਪੰਚਕੂਲਾ ਵਿੱਚ ਬਣਾਉਣੀ ਚਾਹੀਦੀ ਹੈ। ਵਫ਼ਦ ਨੇ ਚਿੰਤਾ ਜ਼ਾਹਿਰ ਕੀਤੀ ਕਿ ਪਿਛਲੀਆਂ ਸੂਬਾ ਸਰਕਾਰਾਂ ਇਸ ਮੁੱਦੇ ’ਤੇ ਠੋਸ ਸਟੈਂਡ ਲੈਣ ਵਿੱਚ ਨਾਕਾਮ ਰਹੀਆਂ ਹਨ, ਜਿਸ ਕਾਰਨ ਸਥਿਤੀ ਸਮੇਂ ਦੇ ਨਾਲ ਹੋਰ ਗੁੰਝਲਦਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਦੇ ਹੱਕਾਂ ਨੂੰ ਹੋਰ ਖੋਰਾ ਨਹੀਂ ਲੱਗਣ ਦੇਵੇਗੀ।
ਸੈਣੀ ਨੇ ਚੰਡੀਗੜ੍ਹ ਤੇ ਐੱਸਵਾਈਐੱਲ ’ਤੇ ਹਰਿਆਣਾ ਦਾ ਹੱਕ ਜਤਾਇਆ
* ਭਗਵੰਤ ਮਾਨ ਲੋਕਾਂ ਦਾ ਧਿਆਨ ਵੰਡਾਉਣ ਦੀ ਥਾਂ ’ਤੇ ਕਿਸਾਨਾਂ ਦੀ ਫ਼ਸਲ ਖਰੀਦਣ: ਸੈਣੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਨਵੰਬਰ
ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਵੱਖਰੀ ਇਮਾਰਤ ਲਈ ਜ਼ਮੀਨ ਦੇਣ ਦੀ ਤਜਵੀਜ਼ ਦਾ ਵਿਰੋਧ ਹੋਣ ਮਗਰੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ’ਤੇ ਸੂਬੇ ਦਾ ਹੱਕ ਜਤਾਇਆ ਹੈ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੇ ਪਹਿਲਾਂ ਐੱਸਵਾਈਐੱਲ ਦਾ ਪਾਣੀ ਰੋਕ ਕੇ ਹਰਿਆਣਾ ਦੇ ਲੋਕਾਂ ਨਾਲ ਧੱਕਾ ਕੀਤਾ ਹੈ ਅਤੇ ਹੁਣ ਚੰਡੀਗੜ੍ਹ ਵਿੱਚ ਵਿਧਾਨ ਸਭਾ ਬਣਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਤੇ ਹਰਿਆਣਾ ਦਾ ਵੀ ਹੱਕ ਹੈ ਅਤੇ ਪੰਜਾਬੀਆਂ ਨੂੰ ਹਰਿਆਣਾ ਨੂੰ ਛੋਟਾ ਭਰਾ ਮੰਨਦਿਆਂ ਐੱਸਵਾਈਐੱਲ ਅਤੇ ਚੰਡੀਗੜ੍ਹ ਦੇ ਮੁੱਦੇ ’ਤੇ ਵਿਰੋਧ ਨਹੀਂ ਕਰਨਾ ਚਾਹੀਦਾ ਹੈ। ਸ੍ਰੀ ਸੈਣੀ ਨੇ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦਾ ਧਿਆਨ ਵੰਡਾਉਣ ਦੀ ਥਾਂ ’ਤੇ ਕਿਸਾਨਾਂ ਦੀ ਫ਼ਸਲ ਐੱਮਐੱਸਪੀ ’ਤੇ ਖਰੀਦਣ ਅਤੇ ਸੂਬੇ ਦੇ ਹਾਲਾਤ ਵਿੱਚ ਸੁਧਾਰ ਕਰਨ ਵੱਲ ਧਿਆਨ ਦੇਣ।’’ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸੀ ਆਗੂਆਂ ਨੂੰ ਵਿਧਾਨ ਸਭਾ ਦੇ ਵਿਸ਼ੇ ’ਤੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹਰਿਆਣਾ ਨਾਲ ਪਿਆਰ ਕਰਦੇ ਹਨ ਅਤੇ ਕਿਸਾਨ ਵੀ ਹਰਿਆਣਾ ਨੂੰ ਐੱਸਵਾਈਐੱਲ ਦਾ ਪਾਣੀ ਦੇਣਾ ਚਾਹੁੰਦੇ ਹਨ ਪਰ ਰਾਜਸੀ ਆਗੂ ਅਜਿਹੇ ਮੁੱਦਿਆਂ ਰਾਹੀ ਲੋਕਾਂ ਦਾ ਧਿਆਨ ਵੰਡਾਉਣ ’ਚ ਲੱਗੇ ਹੋਏ ਹਨ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ’ਚ ਕੋਈ ਫਰਕ ਨਹੀਂ ਹੈ ਕਿਉਂਕਿ ਦੋਵਾਂ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੋਈ ਕੰਮ ਨਹੀਂ ਕੀਤਾ ਹੈ।