ਚਰਨਜੀਤ ਭੁੱਲਰ
ਚੰਡੀਗੜ੍ਹ, 15 ਨਵੰਬਰ
1952 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਅਜਿਹੇ ਅੱਠ ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਨੂੰ ਦੋ ਦੋ ਵਾਰ ਜ਼ਿਮਨੀ ਚੋਣ ਦਾ ਪਿੜ ਦੇਖਣਾ ਪਿਆ ਹੈ। ਹਲਕਾ ਬਰਨਾਲਾ ਪੰਜਾਬ ਦਾ ਅਜਿਹਾ ਹਲਕਾ ਹੈ, ਜਿਸ ਨੂੰ ਹੁਣ ਦੂਸਰੀ ਵਾਰ ਜ਼ਿਮਨੀ ਚੋਣ ਦਾ ਮੂੰਹ ਦੇਖਣਾ ਪਿਆ ਹੈ। ਸਭ ਤੋਂ ਪਹਿਲਾਂ ਸਾਲ 1965 ਵਿਚ ਬਰਨਾਲਾ ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਹੋਈ ਸੀ। ਉਦੋਂ ਤਤਕਾਲੀ ਵਿਧਾਇਕ ਜੀਬੀ ਸਿੰਘ ਦੀ ਚੋਣ ਨੂੰ ਅਯੋਗ ਐਲਾਨ ਦਿੱਤਾ ਗਿਆ ਸੀ। ਉਸ ਵੇਲੇ ਬਰਨਾਲਾ ਦੀ ਜ਼ਿਮਨੀ ਚੋਣ ਕਾਂਗਰਸ ਉਮੀਦਵਾਰ ਨੇ ਜਿੱਤੀ ਸੀ, ਜਿਸ ਨੂੰ 29,820 ਵੋਟਾਂ ਮਿਲੀਆਂ ਸਨ। ਉਸ ਵਕਤ ਆਜ਼ਾਦ ਉਮੀਦਵਾਰ ਚੋਣ ਹਾਰ ਗਿਆ ਸੀ। ਹੁਣ ਬਰਨਾਲਾ ਹਲਕੇ ’ਚ ਮੁੜ ਜ਼ਿਮਨੀ ਚੋਣ ਹੋ ਰਹੀ ਹੈ, ਜਿੱਥੋਂ ‘ਆਪ’ ਦਾ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸ ਦਾ ਕੁਲਦੀਪ ਸਿੰਘ ਢਿੱਲੋਂ, ਭਾਜਪਾ ਦਾ ਕੇਵਲ ਸਿੰਘ ਢਿੱਲੋਂ ਅਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਚੋਣ ਮੈਦਾਨ ਵਿਚ ਹੈ। ਅਜਨਾਲਾ ਹਲਕੇ ਵਿਚ ਵੀ ਦੋ ਵਾਰ ਜ਼ਿਮਨੀ ਚੋਣ ਹੋ ਚੁੱਕੀ ਹੈ। ਪਹਿਲੀ ਵਾਰ 1994 ਵਿਚ ਜ਼ਿਮਨੀ ਚੋਣ ਹੋਈ ਸੀ, ਜਦੋਂ ਆਜ਼ਾਦ ਉਮੀਦਵਾਰ ਰਤਨ ਸਿੰਘ ਜੇਤੂ ਰਹੇ ਸਨ। ਉਸ ਵੇਲੇ ਇਹ ਸੀਟ ਵਿਧਾਇਕ ਹਰਚਰਨ ਸਿੰਘ ਦੀ ਮੌਤ ਕਾਰਨ ਖ਼ਾਲੀ ਹੋਈ ਸੀ। ਅਜਨਾਲਾ ਦੀ ਮੁੜ ਜ਼ਿਮਨੀ ਚੋਣ 2005 ਵਿਚ ਹੋਈ ਸੀ, ਕਿਉਂਕਿ ਵਿਧਾਇਕ ਰਤਨ ਸਿੰਘ ਦੇ ਅਸਤੀਫ਼ਾ ਦੇਣ ਕਾਰਨ ਇਹ ਸੀਟ ਖ਼ਾਲੀ ਹੋ ਗਈ ਸੀ। ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਜਿੱਤੇ ਸਨ।
ਪਟਿਆਲਾ ਸ਼ਹਿਰੀ ਹਲਕੇ ਵਿਚ ਸਭ ਤੋਂ ਪਹਿਲਾਂ ਸਾਲ 1957 ਵਿਚ ਚੋਣ ਹੋਈ ਸੀ ਅਤੇ ਉਸ ਵੇਲੇ ਆਜ਼ਾਦ ਉਮੀਦਵਾਰ ਬੀ. ਸਿੰਘ ਨੇ ਆਜ਼ਾਦ ਉਮੀਦਵਾਰ ਜੇ. ਸਿੰਘ ਨੂੰ ਹਰਾਇਆ ਸੀ। ਮੁੜ ਸਾਲ 2014 ਵਿਚ ਪਟਿਆਲਾ ਦੀ ਜ਼ਿਮਨੀ ਚੋਣ ਹੋਈ ਸੀ, ਜਿਸ ਵਿਚ ਕਾਂਗਰਸ ਦੀ ਪ੍ਰਨੀਤ ਕੌਰ ਜੇਤੂ ਰਹੇ ਸਨ। ਜਲਾਲਾਬਾਦ ਹਲਕੇ ’ਚ ਪਹਿਲਾਂ ਸਾਲ 2009 ਵਿਚ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਦੀ ਜ਼ਿਮਨੀ ਚੋਣ 80,662 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ ਅਤੇ ਕਾਂਗਰਸ ਦੇ ਹੰਸ ਰਾਜ ਜੋਸਨ ਚੋਣ ਹਾਰ ਗਏ ਸਨ। ਉਸ ਮਗਰੋਂ ਸਾਲ 2019 ਵਿਚ ਜ਼ਿਮਨੀ ਚੋਣ ਹੋਈ ਸੀ ਤੇ ਕਾਂਗਰਸ ਦੇ ਰਾਮਿੰਦਰ ਆਵਲਾ ਚੋਣ ਜਿੱਤੇ ਸਨ।
ਮੋਗਾ ਹਲਕੇ ’ਚ ਸਭ ਤੋਂ ਪਹਿਲਾਂ ਸਾਲ 1952-57 ਦੌਰਾਨ ਜ਼ਿਮਨੀ ਚੋਣ ਹੋਈ ਸੀ ਅਤੇ ਉਦੋਂ ਇਸ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਕਾਂਗਰਸ ਨੂੰ ਹਰਾਇਆ ਸੀ। ਸਾਲ 2013 ਵਿਚ ਮੋਗਾ ਦੀ ਜ਼ਿਮਨੀ ਚੋਣ ਮੁੜ ਹੋਈ ਕਿਉਂਕਿ ਹਲਕੇ ਦੇ ਵਿਧਾਇਕ ਜੋਗਿੰਦਰਪਾਲ ਜੈਨ ਨੇ ਅਸਤੀਫ਼ਾ ਦੇ ਦਿੱਤਾ ਸੀ। ਉਹ ਅਕਾਲੀ ਉਮੀਦਵਾਰ ਬਣ ਕੇ ਮੁੜ ਮੈਦਾਨ ਵਿਚ ਨਿੱਤਰੇ ਅਤੇ ਅਕਾਲੀ ਵਿਧਾਇਕ ਬਣ ਕੇ ਵਿਧਾਨ ਸਭਾ ਵਿਚ ਪੁੱਜੇ। ਅੰਮ੍ਰਿਤਸਰ ਸ਼ਹਿਰੀ ਹਲਕੇ ’ਚ ਪਹਿਲੀ ਜ਼ਿਮਨੀ ਚੋਣ ਸਾਲ 1952-57 ਦੌਰਾਨ ਹੋਈ ਸੀ। ਸਾਲ 2008 ਵਿਚ ਅੰਮ੍ਰਿਤਸਰ ਦੱਖਣੀ ਦੀ ਜ਼ਿਮਨੀ ਚੋਣ ਹੋਈ ਸੀ ਕਿਉਂਕਿ ਵਿਧਾਇਕ ਰਾਮਿੰਦਰ ਸਿੰਘ ਬੁਲਾਰੀਆ ਦੀ ਮੌਤ ਹੋ ਗਈ ਸੀ ਜਿਸ ਵਿਚ ਅਕਾਲੀ ਦਲ ਦੇ ਇੰਦਰਬੀਰ ਸਿੰਘ ਬੁਲਾਰੀਆ ਚੋਣ ਜਿੱਤ ਗਏ ਸਨ। ਆਨੰਦਪੁਰ ਸਾਹਿਬ ਹਲਕੇ ਤੋਂ ਸਾਲ 1970 ਵਿਚ ਹੋਈ ਜ਼ਿਮਨੀ ਚੋਣ ਵਿਚ ਗਿਆਨੀ ਜ਼ੈਲ ਸਿੰਘ ਜੇਤੂ ਰਹੇ ਸਨ ਅਤੇ ਉਸ ਤੋਂ ਪਹਿਲਾਂ ਸਾਲ 1952-57 ਦੌਰਾਨ ਹੋਈ ਜ਼ਿਮਨੀ ਚੋਣ ਵਿਚ ਇਸ ਹਲਕੇ ਤੋਂ ਕਾਂਗਰਸ ਦੇ ਮੋਹਨ ਲਾਲ ਚੋਣ ਜਿੱਤੇ ਸਨ। ਇਸ ਤਰ੍ਹਾਂ ਹੀ ਨਕੋਦਰ ਹਲਕੇ ਦੀ ਸਾਲ 1994 ਵਿਚ ਹੋਈ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਅਮਰਜੀਤ ਸਿੰਘ ਸਮਰਾ ਚੋਣ ਜਿੱਤ ਗਏ ਸਨ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਨੂੰ ਹਰਾਇਆ ਸੀ। ਆਜ਼ਾਦੀ ਮਗਰੋਂ ਨਕੋਦਰ ਹਲਕੇ ਦੀ ਸਾਲ 1952-57 ਦੌਰਾਨ ਹੋਈ ਜ਼ਿਮਨੀ ਚੋਣ ਹੋਈ ਸੀ।
ਗਿੱਦੜਬਾਹਾ ਦੇ ਲੋਕ ਹਾਲੇ ਵੀ ਬਾਤਾਂ ਪਾਉਂਦੇ ਨੇ ਜ਼ਿਮਨੀ ਚੋਣ ਦੀਆਂ
ਗਿੱਦੜਬਾਹਾ ਹਲਕੇ ਵਿਚ ਦੂਸਰੀ ਵਾਰ ਜ਼ਿਮਨੀ ਚੋਣ ਹੋ ਰਹੀ ਹੈ ਜਿੱਥੋਂ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ, ਕਾਂਗਰਸ ਦੇ ਅੰਮ੍ਰਿਤਾ ਵੜਿੰਗ ਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਚੋਣ ਮੈਦਾਨ ਵਿਚ ਹਨ। ਗਿੱਦੜਬਾਹਾ ਹਲਕੇ ’ਚ ਪਹਿਲਾਂ 1995 ਵਿਚ ਜ਼ਿਮਨੀ ਚੋਣ ਹੋਈ ਸੀ ਜਦੋਂ ਤਤਕਾਲੀ ਚੁਣੇ ਵਿਧਾਇਕ ਰਘਬੀਰ ਪ੍ਰਧਾਨ ਦੀ ਚੋਣ ਨੂੰ ਅਯੋਗ ਐਲਾਨ ਦਿੱਤਾ ਗਿਆ ਸੀ। ਉਦੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਚੋਣ ਜਿੱਤ ਗਏ ਸਨ। ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਾਬਕਾ ਚੇਅਰਮੈਨ ਰਾਕੇਸ਼ ਪੱਪੀ ਆਖਦੇ ਹਨ ਕਿ ਹਲਕੇ ਦੇ ਪੁਰਾਣੇ ਲੋਕ ਅੱਜ ਵੀ ਉਸ ਜ਼ਿਮਨੀ ਚੋਣ ਨੂੰ ਲੈ ਕੇ ਕਿੱਸੇ ਕਹਾਣੀਆਂ ਸੁਣਾਉਂਦੇ ਹਨ।