ਮੁਖ਼ਤਾਰ ਗਿੱਲ
ਜਿਰੀਬਾਮ ਜਿ਼ਲ੍ਹੇ ਦੇ ਬੋਰੇਬੇਕਰਾ ਉਪ ਵਿਭਾਗ ਦੇ ਜਕੁਰਾਡੋਰ ਕਰੋਂਗ ਵਿਚ ਸੁਰੱਖਿਆਂ ਬਲਾਂ ਅਤੇ ਅਤਿਵਾਦੀਆਂ ਵਿਚ 12 ਘੰਟੇ ਮੁਕਾਬਲੇ ਵਿਚ 11 ਸ਼ੱਕੀ ਦਹਿਸ਼ਤਗਰਦ ਮਾਰੇ ਗਏ ਅਤੇ ਸੀਆਰਪੀਐੱਫ ਦੋ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਹੈ। 5 ਆਮ ਨਾਗਰਿਕ ਲਾਪਤਾ ਹਨ। ਅਤਿ ਆਧੁਨਿਕ ਹਥਿਆਰ ਲੈ ਕੇ ਅਤਿਵਾਦੀਆਂ ਨੇ ਦੁਪਿਹਰ ਦੇ ਕਰੀਬ ਢਾਈ ਵਜੇ ਬੇਰੋਬੇਕਰਾ ਥਾਣੇ ਅਤੇ ਉਸ ਨਾਲ ਲਗਦੇ ਸੀਆਰਪੀਐੱਫ ਦੇ ਕੈਂਪ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਦੁਕਾਨਾਂ ਅੱਗ ਲਗਾਈ ਸੀ ਜਿਸ ਮਗਰੋਂ ਦਹਿਸ਼ਤਗਰਦਾਂ ਨਾਲ ਸੁਰੱਖਿਆ ਬਲਾਂ ਦਾ ਮੁਕਾਬਲਾ ਸ਼ੁਰੂ ਹੋਇਆ ਸੀ।
ਨਸਲੀ ਹਿੰਸਾ ਦੀ ਅੱਗ ਵਿਚ ਸੁਲਗਦੇ ਉੱਤਰ-ਪੂਰਬੀ ਰਾਜ ਮਨੀਪੁਰ ਨੂੰ ਤਕਰੀਬਨ ਡੇਢ ਸਾਲ ਹੋ ਚੁੱਕਾ ਹੈ। ਉਸ ਦੇ ਹਾਲਾਤ ਬਦਤਰ ਹੋ ਗਏ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਝਾਰਖੰਡ ਦੀ ਚੋਣ ਰੈਲੀ ਵਿਚ ਇਲਜ਼ਾਮ ਲਾਇਆ ਕਿ ਭਾਜਪਾ ਨੇ ਮਨੀਪੁਰ ਨੂੰ ਅੱਗ ਵਿਚ ਧੱਕਿਆ ਹੈ। ਪਿਛਲੇ ਐਤਵਾਰ ਕੁਕੀ ਅਤਿਵਾਦੀਆਂ ਅਤੇ ਸੁਰੱਖਿਆਂ ਬਲਾਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿਚ ਇਕ ਜਵਾਨ ਜ਼ਖ਼ਮੀ ਹੋਇਆ। ਮੈਤੇਈ ਅਤਿਵਾਦੀਆਂ ਨੇ ਕਿਸਾਨਾਂ ਉਤੇ ਬੰਬ ਸੁੱਟੇ। ਫਿਰ ਬੀਐੱਸਐੱਫ ’ਤੇ 40 ਮਿੰਟ ਫਾਇਰਿੰਗ ਕੀਤੀ। ਪਿਛਲੇ ਸ਼ਨਿੱਚਰਵਾਰ ਮਨੀਪੁਰ ਦੇ ਜਿ਼ਲ੍ਹੇ ਬਿਸ਼ਣੂਪੁਰ ਵਿਚ ਝੋਨੇ ਦੇ ਖੇਤ ਵਿਚ ਕੰਮ ਕਰ ਰਹੀ ਔਰਤ ਅਤਿਵਾਦੀਆਂ ਦੀ ਗੋਲੀਬਾਰੀ ਵਿਚ ਮਾਰੀ ਗਈ। ਇਹ ਘਟਨਾ ਸੈਂਟਨ ਇਲਾਕੇ ਵਿਚ ਹੋਈ ਜਦ ਮਰਨ ਵਾਲੀ ਔਰਤ ਹੋਰ ਕਿਸਾਨਾਂ ਨਾਲ ਖੇਤ ਵਿਚ ਕੰਮ ਕਰ ਰਹੀ ਸੀ। ਅਤਿਵਾਦੀਆਂ ਨੇ ਪਹਾੜੀ ਤੋਂ ਗੋਲੀਬਾਰੀ ਕੀਤੀ। ਸਥਾਨਕ ਲੋਕਾਂ ਨੇ ਕੇਂਦਰੀ ਬਲ ਦੇ ਜਵਾਨਾਂ ’ਤੇ ਦੋਸ਼ ਲਾਇਆ ਕਿ ਉਹ ਇਸ ਤਰ੍ਹਾਂ ਦੇ ਹਮਲੇ ਰੋਕਣ ਲਈ ਕਾਰਵਾਈ ਨਹੀਂ ਕਰਦੇ। ਦੋ ਦਿਨ ਪਹਿਲਾਂ ਵੀਰਵਾਰ ਨੂੰ ਜਿਰੀਬਾਮ ਜਿ਼ਲ੍ਹੇ ਦੇ ਪਿੰਡ ਜੈਰੋਨ ਹਮਾਰ ’ਚ ਕੀਤੇ ਹਮਲੇ ਵਿਚ ਬੇਪਛਾਣ ਲੋਕਾਂ ਨੇ 31 ਸਾਲਾ ਔਰਤ ਨੂੰ ਕਮਰੇ ਵਿਚ ਬੰਦ ਕਰ ਕੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਗੋਲੀ ਮਾਰ ਦਿੱਤੀ। ਉਸ ਦੇ ਪਤੀ ਨੇ ਥਾਣੇ ਐੱਫਆਈਆਰ ਦਰਜ ਕਰਵਾਈ। ਹਮਲਾਵਰਾਂ ਨੇ ਛੇ ਘਰਾਂ ਨੂੰ ਅੱਗ ਲਾ ਕੇ ਫੂਕ ਦਿੱਤਾ ਸੀ।
ਪਿਛਲੇ ਸਾਲ ਮਈ ਮਹੀਨੇ ਤੋਂ ਜਾਰੀ ਇਸ ਨਸਲੀ ਹਿੰਸਾ ਦੇ ਡੇਢ ਸਾਲ ਵਿਚ 250 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਮੈਤੇਈ ਭਾਈਚਾਰੇ ਨੇ ਉਨ੍ਹਾਂ ਨੂੰ ਅਨੁਸੂਚਿਤ ਜਨਜਾਤੀ ਦਰਜਾ ਦੇਣ ਦੀ ਮੰਗ ਨੂੰ ਲੈ ਕੇ ‘ਅਦਿਵਾਸੀ ਇਕਜੁੱਟਤਾ ਮਾਰਚ’ ਕੱਢਿਆ ਸੀ ਜਿਸ ਦਾ ਕੁਕੀ ਫਿਰਕੇ ਦੇ ਲੋਕਾਂ ਨੇ ਵਿਰੋਧ ਕੀਤਾ ਸੀ। ਉਸ ਤੋਂ ਮੈਤੇਈ ਅਤੇ ਕੁਕੀ ਭਾਈਚਾਰੇ ਦਰਮਿਆਨ ਨਸਲੀ ਹਿੰਸਾ ਸ਼ੁਰੂ ਹੋ ਗਈ। ਮਨੀਪੁਰ ਦੇ ਜਿ਼ਆਦਾ ਘਰਾਂ ਵਿਚ ਹਥਿਆਰ ਮੌਜੂਦ ਹਨ। ਲੁੱਟੇ ਗਏ 4000 ਹਥਿਆਰ ਅਜੇ ਤੱਕ ਪੁਲੀਸ ਬਰਾਮਦ ਨਹੀਂ ਕਰ ਸਕੀ। ਮਨੀਪੁਰ ਦੇ ਬਾਜ਼ਾਰਾਂ ਵਿਚ ਸੰਨਾਟਾ ਹੈ। ਹਸਪਤਾਲਾਂ ਵਿਚ ਨਾ ਡਾਕਟਰ ਤੇ ਨਾ ਹੀ ਦਵਾਈਆਂ ਹਨ। ਸਕੂਲ, ਕਾਲਜ ਤੇ ਦਫਤਰ ਸੁੰਨੇ ਹੋ ਚੁੱਕੇ ਹਨ। ਕਾਲਜ ਵਿਦਿਆਂਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹਨ। ਪੜ੍ਹਾਈ ਠੱਪ ਹੈ। ਉਥੇ ਡਰੋਨਾਂ ਰਾਹੀਂ ਬੰਬਾਰੀ ਹੁੰਦੀ ਹੈ। ਕੁਕੀ ਪਹਾੜੀਆਂ ਤੋਂ ਰਾਕਟ ਦਾਗਦੇ ਹਨ। ਜਬਰਨ ਵਸੂਲੀ ਵਧੀ ਹੈ।
ਮੁਖ ਮੰਤਰੀ ਇਕ ਵਾਰ ਵੀ ਕੁਕੀ ਇਲਾਕੇ ਵਿਚ ਜਾਣ ਦੀ ਹਿੰਮਤ ਨਹੀਂ ਕਰ ਸਕੇ ਕਿਉਂਕਿ ਉਹ ਮੈਤੇਈ ਭਾਈਚਾਰੇ ਨਾਲ ਸਬੰਧਿਤ ਹਨ। ਮੈਤੇਈ ਦੇ ਇੰਫਾਲ ਈਸਟ, ਵੈਸਟ, ਥੋਬਲ, ਕਾਂਗਚਿਕ ਤੇ ਬਿਸ਼ਣੂਪੁਰ ਜਿ਼ਲ੍ਹੇ ਹਨ। ਮੈਤੇਈ ਆਬਾਦੀ ਦਾ 53 ਫੀਸਦ ਅਤੇ ਨਗਾ ਕੁਕੀ 40 ਪ੍ਰਤੀਸ਼ਤ ਹਿੱਸਾ ਹਨ। ਸੂਬੇ ਦੀ ਵਿਧਾਨ ਸਭਾ ਦੇ ਸਪੀਕਰ ਥੋਕਚੋ ਸਤਿਆ ਬਰਤ ਸਿੰਘ, ਵਿਧਾਇਕ ਥੋਗਮ ਬਸੰਤ ਕੁਮਾਰ ਸਿੰਘ ਤੇ ਤੋਂਗਥਰਾਮਰਬਿੰਦਰੋ, ਕੁਕੀ ਭਾਈਚਾਰੇ ਵੱਲੋਂ ਲੇਤਪਾਓਹਾਓਕਿਮ ਤੇ ਨੇਮਚਾਰਿਪਗੇਨ ਮਨਿਸਟਰ, ਨਾਗਾ ਭਾਈਚਾਰੇ ਵੱਲੋਂ ਵਿਧਾਇਕ ਰਾਮ ਮੂਈਵਾਹ, ਅੜਾਂਗਥੇ ਨਿਊਮਈ ਅਤੇ ਐਲ਼ ਦਿਖਨੇ ਹਨ।
ਮਨੀਪੁਰ ਦੇ ਵਿਦਿਆਰਥੀ ਪਿਛਲੇ ਕੁਝ ਦਿਨਾਂ ਤੋਂ ਡੀਜੀਪੀ ਅਤੇ ਸੁਰੱਖਿਆ ਸਲਾਹਕਾਰ ਦੀ ਬਰਖਾਸਤਗੀ ਮੰਗ ਨੂੰ ਲੈ ਕੇ ਸੜਕਾਂ ’ਤੇ ਹਨ। ਵਿਦਿਆਰਥੀਆਂ ਨੇ ਸਕੱਤਰੇਤ ਰਾਜ ਭਵਨ ਵੱਲ ਮਾਰਚ ਕੀਤਾ ਅਤੇ ਰਾਜ ਭਵਨ ਉਤੇ ਪਥਰਾਓ ਕੀਤਾ। ਪੁਲੀਸ ਨਾਲ ਝੜਪ ਵਿਚ 40 ਵਿਦਿਆਰਥੀ ਜ਼ਖ਼ਮੀ ਹੋ ਗਏ। ਵਿਦਿਆਰਥੀਆਂ ਦੇ ਅੰਦੋਲਨ ਦਰਮਿਆਨ ਪੰਜ ਜਿ਼ਲ੍ਹਲ੍ਹਿਆਂ ਵਿਚ ਇੰਟਰਨੈੱਟ ਸੇਵਾਵਾਂ ਪੰਜ ਦਿਨਾਂ ਤਕ ਬੰਦ ਕਰ ਦਿੱਤੀਆਂ ਗਈਆਂ ਅਤੇ ਸਾਰੇ ਸਰਕਾਰੀ ਤੇ ਨਿੱਜੀ ਕਾਲਜ ਬੰਦ ਕਰ ਦਿੱਤੇ ਗਏ। ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਉਤੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਲਾਠੀਚਾਰਜ ਕੀਤਾ। ਵਿਦਿਆਰਥੀਆਂ ’ਤੇ ਪਾਣੀ ਦੀਆਂ ਬੁਛਾੜਾਂ ਸੁੱਟੀਆਂ। ਮਨੀਪੁਰ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਦੋ ਜਿ਼ਲ੍ਹਲ੍ਹਿਆਂ ਇੰਫਾਲ ਪੂਰਬੀ ਤੇ ਪੱਛਮੀ ਵਿਚ ਕਰਫਿਊ ਲਾ ਦਿੱਤਾ ਗਿਆ ਸੀ।
ਜਿਰੀਬਾਮ ਜਿ਼ਲ੍ਹੇ ਵਿਚ ਵੀਰਵਾਰ ਨੂੰ ਅਣਪਛਾਤਿਆ ਨੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਅੱਗ ਲਗਾ ਦਿੱਤੀ ਸੀ । ਮਨੀਪੁਰ ਦੇ ਕਾਂਗਪੋਕਪੀ ਜਿ਼ਲ੍ਹੇ ਵਿਚ ਦੋ ਹਥਿਾਰਬੰਦ ਗਰੁਪਾਂ ਦਰਮਿਆਨ ਲੜਾਈ ਵਿਚ ਫਸੀ 46 ਸਾਲਾ ਔਰਤ ਦੀ ਮੌਤ ਹੋ ਗਈ ਸੀ। ਮਨੀਪੁਰ ਯੂਨੀਵਰਸਿਟੀ ਦੀਆਂ ਸਾਰੀਆਂ ਪੋਸਟ ਗਰੈਜੂਏਟ ਅਤੇ ਅੰਡਰ ਗਰੈਜੂਏਟ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆ ਸਨ। ਮਨੀਪੁਰ ਦਾ ਜਾਤੀ ਸੰਘਰਸ਼ ਹੁਣ ਗ੍ਰਹਿ ਯੁੱਧ ਦਾ ਰੂਪ ਧਾਰਨ ਕਰ ਚੁੱਕਾ ਹੈ। ਪਿਛਲੇ ਕਈ ਦਿਨਾਂ ਤੋਂ ਮਨੀਪੁਰ ਵਿਚ ਡਰੋਨ ਤੇ ਰਾਕਟ ਲਾਂਚਰਾਂ ਨਾਲ ਹਮਲੇ ਹੋ ਰਹੇ ਹਨ। ਮੈਤੇਈ ਤੇ ਕੁਕੀ ਕੱਟੜਪੰਥੀ ਅਤਿ ਅਧੁਨਿਕ ਹਥਿਆਰਾਂ ੳਤੇ ਨਵੀਨਤਮ ਤਕਨੀਕ ਉਕਰਣਾਂ ਦਾ ਇਸਤੇਮਾਲ ਕਰ ਰਹੇ ਹਨ। ਡਰੋਨ ਫੁੰਡਣ ਵਾਲੀ ਪ੍ਰਨਾਲੀ ਤਾਇਨਾਤ ਕੀਤੀ ਗਈ ਅਤੇ ਸੁਰੱਖਿਆ ਵਧਾਈ ਗਈ ਹੈ। ਮਨੀਪੁਰ ਦੇ ਜਿਰੀਬਾਮ ਜਿ਼ਲ੍ਹੇ ਵਿਚ ਹੋਈ ਹਿੰਸਾ ਦੌਰਾਨ ਪੰਜ ਵਿਅਕਤੀ ਮਾਰੇ ਗਏ ਸਨ। ਉਧਰ ਬਿਸ਼ਣੂਪੁਰ ਵਿਚ ਅਤਿਵਾਦੀਆਂ ਵੱਲੋਂ ਕੀਤੇ ਰਾਕੇਟ ਹਮਲਿਆਂ ‘ਚ ਇਕ ਵਿਅਕਤੀ ਹਾਲਾਕ ਅਤੇ ਛੇ ਜਖਮੀ ਹੋਣ ਮਗਰੋਂ ਸੁਰੱਖਿਆ ਬਲਾਂ ਨੇ ਚੂਰਾਚਾਂਦਪੁਰ ਜਿ਼ਲ੍ਹੇ ਦੇ ਸੁਆਲਸਾਂਗ ਅਤੇ ਲਾਇਕਾ ਮੁਆਲਸਾਊ ਪਿੰਡਾਂ ਵਿਚ ਅਤਿਵਾਦੀਆਂ ਦੇ ਤਿੰਨ ਬੰਕਰ ਤਬਾਹ ਕਰ ਦਿੱਤੇ। ਪਿਛਲੇ ਮਹੀਨੇ ਦੀ ਦਸ ਤਾਰੀਕ ਨੂੰ ਟੇਂਗਲੋਪਾਲ ਜਿ਼ਲ੍ਹੇ ਵਿਚ ਕੁਕੀ ਕੱਟੜਪੰਥੀਆਂ ਅਤੇ ਪੇਂਡੂ ਸਵੈ-ਸੇਵਕਾਂ ਵਿਚਾਲੇ ਗੋਲੀਬਾਰੀ ਹੋਈ ਜਿਸ ਵਿਚ 3 ਦੀ ਮੌਤ ਹੋਈ। ਅਗਲੇ ਦਿਨ ਕਾਂਗਪੋਕਪੀ ਜਿ਼ਲ੍ਹੇ ਵਿਚ ਹੋਏ ਬੰਬ ਧਮਾਕੇ ਵਿਚ ਇਕ ਸਾਬਕਾ ਵਿਧਾਇਕ ਦੀ ਪਤਨੀ ਸਪਮ ਚਾਰੂਵਾਲਾ ਮਾਰੀ ਗਈ ਸੀ।
ਮਨੀਪੁਰ ਦੇ ਡੀਜੀਪੀ ਰਾਜੀਵ ਸਿੰਘ ਨੇ ਕਿਹਾ ਕਿ ਸੂਬੇ ਦੀ ਪੁਲੀਸ ਹਾਲਾਤ ਨਾਲ ਇਕੱਲੀ ਨਹੀਂ ਨਜਿਠ ਸਕਦੀ। ਕੇਂਦਰੀ ਬਲਾਂ ਦੀ ਲਗਾਤਾਰ ਲੋੜ ਹੈ। ਕੋਤਰੁਕ ਤੇ ਕਡਾਰਬੰਦ ਖੇਤਰਾਂ ਦੇ ਦੌਰੇ ਤੋ ਬਾਅਦ ਡੀਜੀਪੀ ਨੇ ਕਿਹਾ ਕਿ ਅਸੀਂ ਐੱਨਐੱਸਜੀ ਨਾਲ ਗੱਲ ਕੀਤੀ ਹੈ। ਡਰੋਨ ਹਮਲਿਆਂ ਦੀ ਜਾਂਚ ਲਈ ਕਮੇਟੀ ਬਣਾਈ ਹੈ। ਅਸਾਮ ਰਾਈਫਲ ਤੋਂ ਇਲਾਵਾ ਕੇਂਦਰੀ ਬਲਾਂ ਦੀਆਂ 198 ਕੰਪਨੀਆਂ ਹਾਲਾਤ ਸੰਭਾਲਣ ਲਈ ਤਾਇਨਾਤ ਹਨ। ਉਧਰ, ਹੁਕਮਰਾਨ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਜ ਕੁਮਾਰ ਇਮੇ ਸਿੰਘ ਨੇ ਕਿਹਾ ਕਿ ਮਨੀਪੁਰ ਵਿਚ ਲਗਭਗ 50000 ਦੇ ਕਰੀਬ ਸੈਨਾ ਤਾਇਨਾਤ ਕੀਤੀ ਹੋਈ ਹੈ; ਜੇ ਫਿਰ ਵੀ ਉਥੇ ਸ਼ਾਂਤੀ ਨਹੀਂ ਹੋ ਸਕਦੀ ਤਾਂ ਸਾਰੀ ਫੌਜ ਨੂੰ ਵਾਪਸ ਬਲਾ ਲਓ।
ਮਨੀਪੁਰ ਦੀ ਨਸਲੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਹੁਕਮਰਾਨ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਇਕ ਵੀ ਅਜਿਹਾ ਇਸ਼ਾਰਾ ਨਹੀਂ ਮਿਲ ਰਿਹਾ ਕਿ ਉਹ ਮਨੀਪੁਰ ਵਿਚ ਜਾਤੀ ਹਿੰਸਾ ਨੂੰ ਲੈ ਕੇ ਗੰਭੀਰ ਹੈ। ਅੱਜ ਵੀ ਉਥੇ ਕੁਕੀ ਤੇ ਮੈਤੇਈ ਭਾਈਚਾਰਿਆਂ ਵਿਚ ਖੂਨੀ ਸੰਘਰਸ਼ ਜਾਰੀ ਹੈ। ਇਨ੍ਹਾਂ ਫਿਰਕਿਆਂ ਦੇ ਅਤਿਵਾਦੀਆਂ ਨਿਸ਼ਾਨੇ ਮਿੱਥ ਕੇ ਹਿੰਸਾ ਕਰਨ ਲੱਗੇ ਹਨ। ਉਹ ਪਹਿਲਾਂ ਦੂਸਰੇ ਭਾਈਚਾਰਿਆਂ ਦੇ ਲੋਕਾਂ ਦੇ ਘਰਾਂ ਦੀ ਨਿਸ਼ਾਨਦੇਹੀ (ਸ਼ਨਾਖਤ) ਕਰਦੇ ਸਨ ਅਤੇ ਫਿਰ ਹਮਲੇ ਕਰਦੇ ਹਨ। ਮਨੀਪੁਰ ਵਿਚ ਸਰਗਰਮ ਅਤਿਵਾਦੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਾ ਇੰਨਾ ਮੁਸ਼ਕਿਲ ਕਿਉਂ ਬਣਿਆ ਹੋਇਆ ਹੈ ਅਤੇ ਉਹ ਕਿਵੇਂ ਅਤਿ ਆਧੁਨਿਕ ਤਕਨੀਕ ਅਤੇ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਹਨ? ਬਿਸ਼ਣੂਪੁਰ ਜਿ਼ਲ੍ਹੇ ਵਿਚ ਸਭ ਤੋਂ ਜਿ਼ਆਦਾ ਨਸਲੀ ਹਿੰਸਾ ਅਤੇ ਕੁਕੀ ਤੇ ਮੈਤੇਈ ਭਾਈਚਾਰਿਆਂ ਦਰਮਿਆਨ ਟਕਰਾਅ ਵਧ ਰਿਹਾ ਹੈ।
ਮਨੀਪੁਰ ਦੀ ਨਸਲੀ ਹਿੰਸਾ ਸਰਕਾਰ ਦੀ ਨਾਕਾਮੀ ਕਰ ਕੇ ਵਧੀ ਹੈ। ਜੇ ਰਾਜ ਸਰਕਾਰ ਸ਼ੁਰੂ ’ਚ ਹੀ ਦੋਵਾਂ ਕੁਕੀ ਤੇ ਮੈਤੇਈ ਭਾਈਚਾਰਿਆਂ ਦਰਮਿਆਂਨ ਪੈਦਾ ਹੋਈ ਗਲਤਫਹਿਮੀ ਦੂਰ ਕਰਨ ਦੀ ਸੁਹਿਰਦ ਕੋਸ਼ਿਸ਼ ਕੀਤੀ ਕਰਦੀ ਤਾਂ ਜਾਤੀ ਨਫਰਤ ਦੀ ਅੱਗ ਇਸ ਤਰ੍ਹਾਂ ਨਾ ਭੜਕਦੀ ਪਰ ਸਰਕਾਰ ਨੇ ਨਾ ਤਾਂ ਗੱਲਬਾਤ ਨੂੰ ਪਹਿਲ ਦਿੱਤੀ ਅਤੇ ਨਾ ਹੀ ਅਤਿਵਾਦੀਆਂ ’ਤੇ ਕਾਬੂ ਪਾਉਣ ਲਈ ਢੁੱਕਵੇਂ ਤੇ ਸਖਤ ਕਦਮ ਉਠਾਏ। ਪਿਛਲੇ ਸਾਲ ਸ਼ੁਰੂ ਹੋਈ ਹਿੰਸਾ ਤੋਂ ਬਾਅਦ ਕਈ ਥਾਣਿਆਂ ਅਤੇ ਅਸਲਾਖਾਨਿਆਂ ਵਿਚੋਂ ਹਥਿਆਰ ਲੁੱਟ ਲਏ ਜਿਨ੍ਹਾਂ ਦਾ ਹਿੰਸਾ ’ਚ ਇਸਤੇਮਾਲ ਹੁੰਦਾ ਰਿਹਾ। ਪੁਲੀਸ ਦੀ ਮੌਜੂਦਗੀ ਵਿਚ ਮਹਿਲਾਵਾਂ ਨੂੰ ਨਿਰਵਸਤਰ ਕਰ ਕੇ ਘੁਮਾਉਣ, ਬਲਾਤਕਾਰ ਅਤੇ ਉਨ੍ਹਾਂ ਦੀਆਂ ਹੱਤਿਆਵਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। 60 ਹਜ਼ਾਰ ਲੋਕ ਆਪਣਾ ਘਰ-ਬਾਰ ਛੱਡ ਰਾਹਤ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ। ਹਜ਼ਾਰਾਂ ਘਰਾਂ ਤੇ ਧਾਰਮਿਕ ਸਥਾਨਾਂ ਦੀ ਭੰਨ ਤੋੜ ਕਰ ਕੇ ਸਾੜੇ ਜਾ ਚੁੱਕੇ ਹਨ।
ਮਨੀਪੁਰ ਦੀ ਨਸਲੀ ਹਿੰਸਾ ਨੂੰ ਲੈ ਕੇ ਦੁਨੀਆ ਭਰ ਵਿਚ ਸਵਾਲ ਉੱਠ ਰਹੇ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਇਸ ਨੂੰ ਨੱਥ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਮਨੀਪੁਰ ਦੇ ਮਾਮਲੇ ਵਿਚ ਕੇਂਦਰ ਸਰਕਾਰ ਦਾ ਰਵੱਈਆ ਸ਼ੁਰੂ ਤੋਂ ਸਵਾਲਾਂ ਦੇ ਘੇਰੇ ਵਿਚ ਹੈ। ਜਿਨ੍ਹਾਂ ਰਾਜਾਂ ਵਿਚ ਵਿਰੋਧੀ ਪਾਰਟੀਆਂ ਦੀ ਸਰਕਾਰਾਂ ਹਨ, ਉਨ੍ਹਾਂ ਨਾਲ ਛੋਟੀ ਜਿਹੀ ਘਟਨਾ ’ਤੇ ਗ੍ਰਹਿ ਮੰਤਰਾਲਾ ਤੁਰੰਤ ਜਵਾਬ ਤਲਬ ਕਰ ਲੈਂਦਾ ਹੈ ਪਰ ਮਨੀਪੁਰ ਦੇ ਮਾਮਲੇ ਵਿਚ ਚੁੱਪ ਹੈ। ਇਹ ਨਹੀਂ ਮੰਨਿਆ ਜਾ ਸਕਦਾ ਕਿ ਸਰਕਾਰ ਮਨੀਪੁਰ ਵਰਗੇ ਛੋਟੇ ਰਾਜ ਵਿਚ ਹਿੰਸਾ ਨਹੀਂ ਰੋਕ ਸਕਦੀ। ਇਸ ਮਾਮਲੇ ਵਿਚ ਮੁਖ ਮੰਤਰੀ ਦੀ ਜਵਾਬਦੇਹੀ ਵੀ ਤੈਅ ਨਹੀਂ ਕੀਤੀ। ਸੁਪਰੀਮ ਕੋਰਟ ਨੇ ਖ਼ੁਦ ਨੋਟਿਸ ਲੈਂਦਿਆਂ ਉਥੋਂ ਦੀਆਂ ਘਟਨਾਵਾਂ ਦੀ ਜਾਂਚ ਅਤੇ ਰਾਜ ਪੁਲੀਸ ਦੀ ਕਾਰਵਾਈ ਆਦਿ ’ਤੇ ਨਜ਼ਰ ਰੱਖਣ ਲਈ ਕਮੇਟੀ ਬਣਾਈ ਸੀ ਪਰ ਰਾਜ ਸਰਕਾਰ ਦੇ ਸਹਿਯੋਗ ਦੀ ਘਾਟ ਕਰ ਕੇ ਉਸ ਦੇ ਸਕਾਰਾਤਮਕ ਨਤੀਜੇ ਨਹੀਂ ਆਏ। ਮਨੀਪੁਰ ਵਿਚ ਨਸਲੀ ਹਿੰਸਾ ਜਾਰੀ ਹੈ। ਕਾਂਗਰਸ ਸਵਾਲ ਕਰ ਰਹੀ ਹੈ ਕਿ ਪ੍ਰਧਾਨ ਮੰਤਰੀ ਦੇਸ਼ ਵਿਦੇਸ਼ ਦੇ ਚੱਕਰ ਲਾਉਂਦੇ ਰਹੇ, ਹੁਣ ਮਹਾਰਾਸ਼ਟਰ ਤੇ ਝਾਰਖੰਡ ਵਿਚ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੇ ਹਨ ਪਰ ਮਨੀਪੁਰ ਕਿਉਂ ਨਹੀਂ ਜਾ ਰਹੇ?
ਸੰਪਰਕ: 98140-82217