ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਨਵੰਬਰ
ਇੱਥੋਂ ਦੇ ਪਿੰਡ ਡੱਡੂਮਾਜਰਾ ਵਾਸੀਆਂ ਨੇ ਅੱਜ ਚੰਡੀਗੜ੍ਹ ਪੁਲੀਸ ’ਤੇ ਚੋਰਾਂ ਵਿਰੁੱਧ ਬਣਦੀ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਡੱਡੂਮਾਜਰਾ ਦੇ ਵੱਡੀ ਗਿਣਤੀ ਲੋਕਾਂ ਨੇ ਪਿੰਡ ਵਿੱਚ ਇਕੱਠੇ ਹੋ ਕੇ ਚੰਡੀਗੜ੍ਹ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਸਬੀਰ ਸਿੰਘ ਨੇ ਕਿਹਾ ਕਿ ਪਿੰਡ ਡੱਡੂਮਾਜਰਾ ਵਿੱਚ ਲੰਬੇ ਸਮੇਂ ਤੋਂ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਪਿੰਡ ਵਿੱਚੋਂ ਵਾਹਨਾਂ ਦੀਆਂ ਚੋਰੀਆਂ ਤੋਂ ਇਲਾਵਾ ਖੜ੍ਹੀਆਂ ਗੱਡੀਆਂ ਦੇ ਟਾਈਰ ਚੋਰੀ ਦੀਆਂ ਘਟਨਾਵਾਂ ਅੰਜ਼ਾਮ ਦਿੱਤੇ ਜਾ ਰਹੇ ਸਨ। ਚੋਰੀ ਦੀਆਂ ਘਟਨਾਵਾਂ ਤੋਂ ਪਿੰਡ ਵਾਸੀ ਕਾਫ਼ੀ ਲੰਬੇ ਸਮੇਂ ਤੋਂ ਤੰਗ ਹਨ। ਉਨ੍ਹਾਂ ਕਿਹਾ ਕਿ ਲੰਘੀ ਰਾਤ ਪਿੰਡ ਵਾਸੀਆਂ ਨੇ ਇੱਕ ਨੌਜਵਾਨ ਨੂੰ ਚੋਰੀ ਕਰਦਿਆਂ ਕਾਬੂ ਕੀਤਾ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਨੌਜਵਾਨ ਖ਼ਿਲਾਫ਼ ਪੁਲੀਸ ਨੇ ਬਣਦੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਨੂੰ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਥਾਣਾ ਸੈਕਟਰ-39 ਵਿੱਚ ਪਹੁੰਚ ਕੀਤੀ ਤਾਂ ਪੁਲੀਸ ਵੱਲੋਂ ਲੋਕਾਂ ਨਾਲ ਦੁਰਵਿਹਾਰ ਕੀਤਾ ਗਿਆ। ਇਸੇ ਤੋਂ ਖਫ਼ਾ ਹੋ ਕੇ ਪਿੰਡ ਦੇ ਲੋਕਾਂ ਨੇ ਚੰਡੀਗੜ੍ਹ ਪੁਲੀਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਦੇ ਗੁੱਸੇ ਨੂੰ ਦੇਖ ਥਾਣਾ ਸੈਕਟਰ-39 ਦੇ ਐੱਸਐੱਚਓ ਨੇ ਨੌਜਵਾਨ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ।