ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਨਵੰਬਰ
ਯੂਟੀ ਦੇ ਕਈ ਸੈਕਟਰਾਂ ਵਿੱਚ ਚੱਲਦੇ ਕੋਚਿੰਗ ਸੈਂਟਰਾਂ ਵਿਚ ਅੱਗ ਬੁਝਾਉਣ ਦੇ ਪੂਰੇ ਇੰਤਜ਼ਾਮ ਨਹੀਂ ਹਨ ਤੇ ਇਨ੍ਹਾਂ ਸੈਂਟਰਾਂ ਵਿੱਚ ਕਈ ਅੱਗ ਬੁਝਾਊ ਉਪਕਰਨ ਮਿਆਦ ਪੁੱਗਾ ਚੁੱਕੇ ਹਨ ਜਿਸ ਦਾ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ) ਨੇ ਸਖ਼ਤ ਨੋਟਿਸ ਲਿਆ ਹੈ। ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਸ਼ਹਿਰ ਦੇ ਕੋਚਿੰਗਾਂ ਸੈਂਟਰਾਂ ਬਾਰੇ ਫਾਇਰ ਤੇ ਨਗਰ ਨਿਗਮ ਵਿਭਾਗ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ ਤੇ ਇਹ ਰਿਪੋਰਟ ਇਕ ਮਹੀਨੇ ਵਿੱਚ ਸੌਂਪਣ ਦੇ ਹੁਕਮ ਦਿੱਤੇ ਗਏ ਹਨ।
ਇਹ ਜਾਣਕਾਰੀ ਮਿਲੀ ਹੈ ਕਿ ਬਾਲ ਕਮਿਸ਼ਨ ਦੀ ਚੇਅਰਪਰਸਨ ਨੇ ਸਿੱਖਿਆ ਵਿਭਾਗ, ਫਾਇਰ ਵਿਭਾਗ ਅਤੇ ਚੰਡੀਗੜ੍ਹ ਦੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨਾਲ 13 ਨਵੰਬਰ ਨੂੰ ਮੀਟਿੰਗ ਕੀਤੀ ਸੀ। ਇਸ ਵਿੱਚ ਯੂਟੀ ਦੇ ਸਾਰੇ ਸਕੂਲਾਂ ਵਿੱਚ ਅੱਗ ਬੁਝਾਉਣ ਉਪਕਰਨਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਸਤੰਬਰ ’ਚ ਹੋਈ ਮੀਟਿੰਗ ਤੋਂ ਬਾਅਦ ਹੋਏ ਕੰਮਾਂ ਦਾ ਮੁਲਾਂਕਣ ਕੀਤਾ ਤੇ ਵਿਦਿਅਕ ਸੰਸਥਾਵਾਂ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਕਰਨ ਵਾਲੇ ਕੰਮਾਂ ਵਿੱਚ ਤੇਜ਼ੀ ਲਿਆਉਣ ਬਾਰੇ ਗੱਲ ਕੀਤੀ। ਇਸ ਮੌਕੇ ਇੰਜਨੀਅਰਿੰਗ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਕਈ ਸੰਸਥਾਨਾਂ ਵਿੱਚ ਅੱਗ ਰੋਕੂ ਉਪਕਰਨ ਲਗਾਉਣ ਦੇ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਕਮਿਸ਼ਨ ਨੇ ਫਾਇਰ, ਇੰਜਨੀਅਰਿੰਗ, ਇਲੈਕਟ੍ਰੀਕਲ ਅਤੇ ਸਿੱਖਿਆ ਵਿਭਾਗ ਨੂੰ ਆਪਸ ’ਚ ਸਹਿਯੋਗ ਕਰਨ ਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ। ਜ਼ਿਕਰਯੋਗ ਹੈ ਕਿ ਬਾਲ ਕਮਿਸ਼ਨ ਨੇ ਫਾਇਰ ਵਿਭਾਗ ਨੂੰ ਕੋਚਿੰਗ ਸੰਸਥਾਵਾਂ ਲਈ ਫਾਇਰ ਸੇਫਟੀ ਸਰਟੀਫਿਕੇਟ ਦਾ ਵੇਰਵਾ ਦੇਣ ਅਤੇ ਸਕੂਲਾਂ ਵਿੱਚ ਮੌਕ ਡਰਿੱਲਾਂ ਲਈ ਸਮਾਂ-ਸਾਰਨੀ ਸਾਂਝੀ ਕਰਨ ਲਈ ਕਿਹਾ ਸੀ।
ਸਰਕਾਰੀ ਸਕੂਲਾਂ ’ਚ ਇੰਤਜ਼ਾਮ ਮੁਕੰਮਲ; ਕੁਝ ਪ੍ਰਾਈਵੇਟ ਸਕੂਲ ਬਾਕੀ: ਚੇਅਰਪਰਸਨ
ਯੂਟੀ ਦੇ ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਕਿਹਾ ਕਿ ਸ਼ਹਿਰ ਦੇ ਸਿੱਖਿਆ ਸੰਸਥਾਨਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਮੀਟਿੰਗ 13 ਨਵੰਬਰ ਨੂੰ ਹੋਈ ਸੀ। ਇਸ ਵਿੱਚ ਫਾਇਰ ਵਿਭਾਗ ਨੂੰ ਵਿਸਥਾਰਤ ਰਿਪੋਰਟ ਇਕ ਮਹੀਨੇ ਵਿੱਚ ਜਮ੍ਹਾਂ ਕਰਵਾਉਣ ਲਈ ਹਦਾਇਤ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਫਾਇਰ ਸਟੇਸ਼ਨ ਦੇ ਸਾਰੇ ਅਫ਼ਸਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਕਿ ਸਕੂਲਾਂ ਦੇ ਸਾਰੇ ਫਾਇਰ ਸੇਫਟੀ ਸਰਟੀਫਿਕੇਟ ਤੁਰੰਤ ਕਲੀਅਰ ਕੀਤੇ ਜਾਣ ਅਤੇ ਫਾਇਰ ਸੇਫਟੀ ਉਪਕਰਨਾਂ ਦੀ ਨਿਯਮਤ ਜਾਂਚ ਅਤੇ ਨਿਰੀਖਣ ਕੀਤਾ ਜਾਵੇ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਬਾਲ ਕਮਿਸ਼ਨ ਦੀ ਪਹਿਲਕਦਮੀ ਹੈ ਕਿ ਇਸ ਵਿਚ ਕੋਚਿੰਗ ਸੈਂਟਰਾਂ ਦੀ ਵੀ ਜਵਾਬਦੇਹੀ ਤੈਅ ਕੀਤੀ ਗਈ ਹੈ ਪਹਿਲਾਂ ਬਾਲ ਕਮਿਸ਼ਨ ਦਾ ਦਾਇਰਾ ਸਕੂਲਾਂ ਤਕ ਹੀ ਸੀਮਤ ਸੀ।