ਪੱਤਰ ਪ੍ਰੇਰਕ
ਦੋਦਾ, 15 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਬੇਅੰਤ ਸਿੰਘ ਖਾਲਸਾ ਦੋਦਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ 17 ਨਵੰਬਰ ਨੂੰ ਖਨੌਰੀ ਬਾਰਡਰ ਉਤੇ ਵੱਡੀ ਗਿਣਤੀ ਪੁੱਜ ਕੇ ਮਨਾਇਆ ਜਾਵੇਗਾ। ਕੇਂਦਰ ਸਰਕਾਰ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਵਾਲੇ ਦਿਨ ਜਥੇਬੰਦੀ ਵੱਲੋਂ ਵੱਡੇ ਐਕਸ਼ਨ ਦੀ ਤਿਆਰੀ ਲਈ ਭਾਰੀ ਗਿਣਤੀ ਵਿੱਚ ਕਿਸਾਨਾਂ ਦੇ ਠਹਿਰਨ ਟਰਾਲੀਆਂ ਨੂੰ ਸਰਦ ਰੁੱਤ ਲਈ ਤਿਆਰ ਕਰਨਾ। ਇਜਲਾਸ ਵਾਲੇ ਦਿਨ ਹੀ ਹੱਕੀ ਮੰਗਾਂ ਲਈ ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਐਕਸ਼ਨ ਲਈ ਹਰ ਪਿੰਡ ਵਿਚੋਂ 10-10 ਸਿਹਤਮੰਦ ਨੌਜਵਾਨ ਕਿਸਾਨ ਭਰਤੀ ਕੀਤੇ ਜਾਣਗੇ ਜਿਨ੍ਹਾਂ ਨੂੰ ਮਰਜੀਵੜਿਆਂ ਦਾ ਨਾਮ ਦਿੱਤਾ ਹੈ ਜੋ ਹਰ ਸਮੇਂ ਉਥੇ ਚੌਕਸੀ ਰੱਖਣਗੇ। 26 ਨਵੰਬਰ ਤੱਕ ਹਰ ਇਕਾਈ ਦੀ ਮੀਟਿੰਗ ਹੋਵੇਗੀ। ਇਸ ਮੌਕੇ ਸਾਰੇ ਬਲਾਕਾਂ ਦੇ ਪ੍ਰਧਾਨ ਸ਼ਰਨਜੀਤ ਸਿੰਘ ਔਲਖ, ਤਰਸੇਮ ਸਿੰਘ ਸਾਹਿਬਚੰਦ, ਨਛੱਤਰ ਸਿੰਘ, ਜਗਮੀਤ ਸਿੰਘ, ਗੁਰਪ੍ਰੀਤ ਸਿੰਘ, ਸਰਬਨ ਸਿੰਘ, ਧਰਮਪਾਲ ਸ਼ਰਮਾ, ਕਸ਼ਮੀਰ ਸਿੰਘ ਭਲਵਾਨ ਆਦਿ ਮੌਜੂਦ ਸਨ।