ਆਰਲਿੰਗਟਨ (ਅਮਰੀਕਾ), 16 ਨਵੰਬਰ
ਮਹਾਨ ਮੁੱਕੇਬਾਜ਼ ਮਾਈਕ ਟਾਈਸਨ 58 ਸਾਲ ਦੀ ਉਮਰ ’ਚ ਆਪਣਾ ਪੁਰਾਣਾ ਜਾਦੂ ਨਹੀਂ ਦਿਖਾ ਸਕਿਆ ਅਤੇ ਉਸ ਨੂੰ ਇੱਥੇ ਕਾਫੀ ਚਰਚਿਤ ਮੁਕਾਬਲੇ ’ਚ 27 ਸਾਲਾ ਜੈਕ ਪੌਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਟਾਈਸਨ 20 ਸਾਲ ਬਾਅਦ ਪੇਸ਼ੇਵਰ ਮੁਕਾਬਲੇ ਲਈ ਰਿੰਗ ’ਚ ਉਤਰਿਆ ਸੀ ਅਤੇ ਇਸ ਮੈਚ ਸਬੰਧੀ ਕਾਫੀ ਪ੍ਰਚਾਰ ਵੀ ਕੀਤਾ ਗਿਆ। ਹਾਲਾਂਕਿ ਮੈਚ ਉਮੀਦਾਂ ਮੁਤਾਬਕ ਨਹੀਂ ਰਿਹਾ ਅਤੇ ਦਰਸ਼ਕਾਂ ਨੇ ਇਸ ’ਤੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕੀਤੀ।
ਯੂਟਿਊਬਰ ਤੋਂ ਮੁੱਕੇਬਾਜ਼ ਬਣੇ ਜੈਕ ਪੌਲ ਨੂੰ ਸਰਬਸੰਮਤੀ ਨਾਲ ਜੇਤੂ ਐਲਾਨਿਆ ਗਿਆ। ਹਾਲਾਂਕਿ ਜਿੱਤ ਦੇ ਅੰਤਰ ਨੂੰ ਲੈ ਕੇ ਜੱਜ ਇਕਮਤ ਨਹੀਂ ਸਨ। ਇੱਕ ਜੱਜ ਨੇ ਸਾਬਕਾ ਹੈਵੀਵੇਟ ਚੈਂਪੀਅਨ ਪੌਲ ਨੂੰ 80-72 ਨਾਲ, ਜਦਕਿ ਬਾਕੀ ਦੋ ਜੱਜਾਂ ਨੇ ਉਸ ਨੂੰ 79-73 ਨਾਲ ਜੇਤੂ ਐਲਾਨਿਆ।
ਟਾਈਸਨ ਨੇ ਸ਼ੁਰੂ ਵਿੱਚ ਹਮਲਾਵਰ ਰੁਖ ਅਖਤਿਆਰ ਕੀਤਾ ਪਰ ਉਹ ਇਸ ਨੂੰ ਕਾਇਮ ਨਹੀਂ ਰੱਖ ਸਕਿਆ। ਦੂਜੇ ਪਾਸੇ ਪੌਲ ਹੌਲੀ-ਹੌਲੀ ਹੋਰ ਹਮਲਾਵਰ ਹੁੰਦਾ ਗਿਆ। ਟਾਈਸਨ ਕੋਲ ਉਸ ਦੇ ਮੁੱਕਿਆਂ ਦਾ ਕੋਈ ਜਵਾਬ ਨਹੀਂ ਸੀ। ਇਹ ਮੈਚ ਪਹਿਲਾਂ 20 ਜੁਲਾਈ ਨੂੰ ਹੋਣਾ ਸੀ ਪਰ ਟਾਈਸਨ ਦੇ ਬਿਮਾਰ ਹੋਣ ਕਾਰਨ ਇਹ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇੱਕ ਹੋਰ ਮੈਚ ਵਿੱਚ ਕੈਟੀ ਟੇਲਰ ਨੇ ਅਮਾਂਡਾ ਸੇਰਾਨੋ ਨੂੰ ਹਰਾ ਕੇ ਆਪਣਾ ਸੁਪਰ ਲਾਈਟਵੇਟ ਖਿਤਾਬ ਕਾਇਮ ਰੱਖਿਆ। -ਏਪੀ