ਇੰਫਾਲ, 16 ਨਵੰਬਰ
ਮਨੀਪੁਰ ਸਰਕਾਰ ਨੇ ਕੇਂਦਰ ਸਰਕਾਰ ਨੂੰ ਹਾਲਾਤ ਦੀ ਸਮੀਖਿਆ ਕਰਨ ਅਤੇ ਸੂਬੇ ਵਿਚਲੇ ਛੇ ਪੁਲੀਸ ਥਾਣਿਆਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਇਲਾਕਿਆਂ ’ਚ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦੇਣ ਸਬੰਧੀ ਐਕਟ (ਅਫ਼ਸਪਾ) ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਕੇਂਦਰ ਵੱਲੋਂ ਹਿੰਸਾ ਪ੍ਰਭਾਵਿਤ ਜਿਰੀਬਾਮ ਸਣੇ ਮਨੀਪੁਰ ਦੇ ਛੇ ਪੁਲੀਸ ਥਾਣਿਆਂ ਦੇ ਇਲਾਕਿਆਂ ਵਿੱਚ ਮੁੜ ਤੋਂ ਅਫ਼ਸਪਾ ਲਗਾ ਦਿੱਤਾ ਗਿਆ ਹੈ।
ਜੁਆਇੰਟ ਸਕੱਤਰ (ਗ੍ਰਹਿ) ਵੱਲੋਂ ਕੇਂਦਰ ਸਰਕਾਰ ਨੂੰ ਲਿਖੇ ਗਏ ਇਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬਾਈ ਮੰਤਰੀ ਮੰਡਲ ਵੱਲੋਂ 15 ਨਵੰਬਰ ਨੂੰ ਆਪਣੀ ਮੀਟਿੰਗ ਵਿੱਚ ਮੁੜ ਅਫਸਪਾ ਲਗਾਏ ਜਾਣ ਬਾਰੇ ਚਰਚਾ ਕੀਤੀ ਗਈ ਅਤੇ ਕੇਂਦਰ ਸਰਕਾਰ ਨੂੰ ਹਾਲਾਤ ਦੀ ਸਮੀਖਿਆ ਕਰਨ ਅਤੇ ਅਫਸਪਾ 1958 ਦੀ ਧਾਰਾ 3 ਤਹਿਤ ਸੂਬੇ ਦੇ ਅਸ਼ਾਂਤ ਐਲਾਨੇ ਗਏ ਛੇ ਪੁਲੀਸ ਥਾਣਿਆਂ ਅਧੀਨ ਆਉਂਦੇ ਇਲਾਕਿਆਂ ਵਿੱਚ ਮੁੜ ਤੋਂ ਲਾਏ ਗਏ ਅਫਸਪਾ ਨੂੰ ਵਾਪਸ ਲੈਣ ਦੀ ਸਿਫ਼ਾਰਿਸ਼ ਕਰਨ ਦਾ ਫੈਸਲਾ ਲਿਆ ਗਿਆ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 14 ਨਵੰਬਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਪੈਂਦੇ ਸੇਕਮਾਈ ਤੇ ਲਾਮਸਾਂਗ ਪੁਲੀਸ ਥਾਣਿਆਂ, ਇੰਫਾਲ ਪੂਰਬੀ ਦੇ ਲਾਮਲਾਈ ਥਾਣੇ, ਬਿਸ਼ਨੂਪੁਰ ਦੇ ਮੋਇਰਾਂਗ, ਕਾਂਗਪੋਕਪੀ ਦੇ ਲੀਮਾਕਹੌਂਗ ਅਤੇ ਜਿਰੀਬਾਮ ਜ਼ਿਲ੍ਹੇ ਦੇ ਜਿਰੀਬਾਮ ਥਾਣੇ ਅਧੀਨ ਪੈਂਦੇ ਇਲਾਕਿਆਂ ਵਿੱਚ ਮੁੜ ਤੋਂ ਅਫਸਪਾ ਲਗਾ ਦਿੱਤਾ ਗਿਆ ਸੀ। -ਪੀਟੀਆਈ