ਕੁਲਦੀਪ ਸਿੰਘ
ਚੰਡੀਗੜ੍ਹ, 16 ਨਵੰਬਰ
ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਅੱਜ ਫਿਲਮੀ ਸ਼ਖ਼ਸੀਅਤ ਅਮਿਤੋਜ ਮਾਨ ਤੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਸ਼ਮੂਲੀਅਤ ਕੀਤੀ ਗਈ।
ਧਰਨੇ ਵਿੱਚ ਮੌਜੂਦ ਵਿਦਿਆਰਥੀ ਆਗੂ ਰਿਮਲਜੋਤ ਸਿੰਘ ਨੇ ਉਨ੍ਹਾਂ ਨੂੰ ਪੰਜਾਬ ’ਵਰਸਿਟੀ ਵਿੱਚ ਲੋਕਤੰਤਰਿਕ ਢਾਂਚੇ ਨੂੰ ਤਹਿਸ-ਨਹਿਸ਼ ਕੀਤੇ ਜਾਣ ਦੇ ਬਾਰੇ ਅਤੇ ’ਵਰਸਿਟੀ ਦੇ ਕੇਂਦਰੀਕਰਨ ਬਾਰੇ ਦੱਸਿਆ। ਇਸ ਤੋਂ ਇਲਾਵਾ ਬੀਤੇ ਦਿਨੀਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਚੰਡੀਗੜ੍ਹ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਤੇ ਪੁਰਸ਼ ਕਰਮਚਾਰੀਆਂ ਵੱਲੋਂ ਵਿਦਿਆਰਥਣਾਂ ਨਾਲ ਕੀਤੀ ਧੱਕਾ-ਮੁੱਕੀ ਬਾਰੇ ਵੀ ਚਰਚਾ ਹੋਈ।
ਇਸ ਮੌਕੇ ਸ੍ਰੀ ਸਿਧਾਣਾ ਅਤੇ ਸ੍ਰੀ ਮਾਨ ਨੇ ਵਿਦਿਆਰਥੀਆਂ ਨੂੰ ਮਨੋਰਥ ਦੀ ਪੂਰਤੀ ਤੱਕ ਵਾਈਸ ਚਾਂਸਲਰ ਦਫ਼ਤਰ ਅੱਗੇ ਸੰਘਰਸ਼ ਜਾਰੀ ਰੱਖਣ ਲਈ ਕਿਹਾ। ਸ੍ਰੀ ਸਿਧਾਣਾ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਸੰਘਰਸ਼ ਵਿੱਚ ਬਣਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ’ਵਰਸਿਟੀ ਵਿੱਚ ਸੈਨੇਟ ਚੋਣਾਂ ਤੁਰੰਤ ਕਰਵਾਉਣ ਲਈ ਪੀਯੂ ਅਥਾਰਟੀ ਨੂੰ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ’ਵਰਸਿਟੀ ਵੱਲ ਵਿਸ਼ੇਸ਼ ਤਵੱਜੋਂ ਦੇ ਕੇ ਇਸ ਦਾ ਕੇਂਦਰੀਕਰਨ ਹੋਣ ਤੋਂ ਬਚਾਵੇ।
ਅਮਿਤੋਜ ਮਾਨ ਅਤੇ ਲੱਖਾ ਸਿਧਾਣਾ ਨੇ ਪੀਯੂ ਅਥਾਰਿਟੀ ਅਤੇ ਚੰਡੀਗੜ੍ਹ ਪੁਲੀਸ ਨੂੰ ਵੀ ਅਪੀਲ ਕੀਤੀ ਕਿ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਉੱਤੇ ਕੀਤਾ ਗਿਆ ਪੁਲੀਸ ਕੇਸ ਤੁਰੰਤ ਰੱਦ ਕੀਤਾ ਜਾਵੇ।
’ਵਰਸਿਟੀ ਅੰਦਰ ਚੰਡੀਗੜ੍ਹ ਪੁਲੀਸ ਦਾ ਦਾਖ਼ਲਾ ਬੰਦ ਕਰਨ ਦੀ ਮੰਗ
ਲੱਖਾ ਸਿਧਾਣਾ ਨੇ ਕਿਹਾ ਕਿ ਪੀਯੂ ਅਥਾਰਟੀ ਨੂੰ ਕੈਂਪਸ ਅੰਦਰ ਚੰਡੀਗੜ੍ਹ ਪੁਲੀਸ ਦਾ ਦਾਖ਼ਲਾ ਤੁਰੰਤ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਆਪਣੇ ਹੱਕਾਂ ਲਈ ਲੜਨ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨਾਲ ਪੰਜਾਬ ਯੂਨੀਵਰਸਿਟੀ ਦੇ ਅੰਦਰ ਚੰਡੀਗੜ੍ਹ ਪੁਲੀਸ ਦਾ ਅਜਿਹਾ ਤਸ਼ੱਦਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ।