ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 16 ਨਵੰਬਰ
ਇੱਥੋਂ ਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਲਾਂਡਰਾਂ ਤੋਂ ਪਿੰਡ ਭਾਗੋਮਾਜਰਾ ਅਤੇ ਲਾਂਡਰਾਂ ਤੋਂ ਖਰੜ ਮੁੱਖ ਸੜਕ ਦੇ ਦੋਵੇਂ ਪਾਸੇ ਗੰਦੇ ਪਾਣੀ ਦੀ ਨਿਕਾਸੀ ਨਾਲੇ ਉੱਤੇ ਸੀਮਿੰਟ ਦੀਆਂ ਰੱਖੀਆਂ ਸਲੈਬਾਂ ਕਾਫ਼ੀ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਲਾਂਡਰਾਂ ਮਾਰਕੀਟ ਅਤੇ ਭਾਗੋਮਾਜਰਾ ਸੜਕ ਸਣੇ ਸੀਜੀਸੀ ਕਾਲਜ ਦੇ ਦੋਵੇਂ ਪਾਸੇ ਨਿਕਾਸੀ ਨਾਲੇ ਉੱਤੇ ਸਲੈਬਾਂ ਟੁੱਟੀਆਂ ਹੋਈਆਂ ਹਨ। ਇਸ ਕਾਰਨ ਇਨ੍ਹਾਂ ਪ੍ਰਮੁੱਖ ਥਾਵਾਂ ’ਤੇ ਹਰ ਸਮੇਂ ਸੜਕ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਬਲਜਿੰਦਰ ਸਿੰਘ ਭਾਗੋਮਾਜਰਾ ਨੇ ਪੰਜਾਬ ਸਰਕਾਰ, ਨੈਸ਼ਨਲ ਹਾਈਵੇਅ ਅਥਾਰਟੀ ਅਤੇ ਪੀਡਬਲਿਊਡੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿੰਡ ਭਾਗੋਮਾਜਰਾ ਤੋਂ ਪਿੰਡ ਮੌਜਪੁਰ ਨੂੰ ਜਾਂਦੀ ਸੜਕ ’ਤੇ ਨਿਕਾਸੀ ਨਾਲੇ ਉੱਤੇ ਮਜ਼ਬੂਤ ਪੁਲੀ ਬਣਾਈ ਜਾਵੇ ਅਤੇ ਲੋੜ ਅਨੁਸਾਰ ਨਵੀਆਂ ਸਲੈਬਾਂ ਰੱਖੀਆਂ ਜਾਣ। ਉਨ੍ਹਾਂ ਦੱਸਿਆ ਕਿ ਸੜਕ ਦੇ ਨਾਲ-ਨਾਲ ਗੰਦੇ ਪਾਣੀ ਦੇ ਨਿਕਾਸੀ ਨਾਲੇ ’ਤੇ ਰੱਖੀਆਂ ਸਲੈਬਾਂ ਉੱਤੋਂ ਭਾਰੀ ਵਾਹਨ ਲੰਘਣ ਕਾਰਨ ਕਾਫ਼ੀ ਥਾਵਾਂ ’ਤੇ ਸਲੈਬਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਅਤੇ ਭਾਗੋਮਾਜਰਾ ਤੋਂ ਮੌਜਪੁਰ ਸੰਪਰਕ ਸੜਕ ’ਤੇ ਰੋਜ਼ਾਨਾ ਕਾਫ਼ੀ ਆਵਾਜਾਈ ਰਹਿੰਦੀ ਹੈ। ਇੱਥੋਂ ਭਾਰੀ ਵਾਹਨ ਲੰਘਣ ਕਾਰਨ ਸੀਮਿੰਟ ਦੀਆਂ ਬਣੀਆਂ ਸਲੈਬਾਂ ਬੁਰੀ ਤਰ੍ਹਾਂ ਟੁੱਟ ਗਈਆਂ ਹਨ। ਇਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਹੁਣ ਤੱਕ ਕਈ ਵਾਹਨ ਨੁਕਸਾਨੇ ਗਏ ਹਨ ਅਤੇ ਕਈ ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਮੰਗ ਕੀਤੀ ਕਿ ਭਾਗੋਮਾਜਰਾ ਤੋਂ ਮੌਜਪੁਰ ਪਹੁੰਚ ਸੜਕ ’ਤੇ ਗੰਦੇ ਪਾਣੀ ਦੇ ਨਾਲੇ ਉੱਤੇ ਮਜ਼ਬੂਤ ਪੁਲੀ ਬਣਾਈ ਜਾਵੇ ਅਤੇ ਸੜਕ ਦੀ ਮੁਰੰਮਤ ਕੀਤੀ ਜਾਵੇ।