ਹਰਨੇਕ ਸਿੰਘ ਘੜੂੰਆਂ
ਜਦੋਂ ਵੀ ਪਾਕਿਸਤਾਨ ਜਾਂਦਾ, ਸਿਵਿਲ ਲਾਈਨ ਸ਼ੇਖੂਪੁਰਾ ਜਾਂ ਸ਼ਾਦਮਾਨ, ਲਾਹੌਰ ਠਹਿਰਦਾ। ਆਮ ਬੰਦੇ ਦੀ ਹਿੰਮਤ ਨਹੀਂ ਕਿ ਕਿਸੇ ਹਿੰਦੋਸਤਾਨੀ ਨੂੰ ਘਰ ਠਹਿਰਾ ਲਵੇ। ਏਜੰਸੀਆਂ ਨੱਕ ਵਿੱਚ ਦਮ ਕਰ ਦਿੰਦੀਆਂ ਹਨ। ਜੇਲ੍ਹ ਰੋਡ ਦੇ ਸਾਹਮਣੇ ਸ਼ਾਦਮਾਨ ਚੌਕ ਹੈ। ਮੈਂ ਸਵੇਰੇ ਉੱਠਣਸਾਰ ਸ਼ਾਦਮਾਨ ਚੌਕ ’ਤੇ ਫੁੱਲ ਚੜ੍ਹਾ ਕੇ ਆਉਂਦਾ। ਇਹ ਉਹ ਚੌਕ ਹੈ ਜਿੱਥੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਫਾਂਸੀ ਦੇ ਰੱਸੇ ਨੂੰ ਹੱਸ ਹੱਸ ਕੇ ਚੁੰਮਿਆ ਸੀ। ਇਸੇ ਜੇਲ੍ਹ ਵਿੱਚ ਸ਼ਹੀਦ ਭਗਤ ਦੇ ਚਾਚਾ ਸ. ਸਵਰਨ ਸਿੰਘ ਨੂੰ ਕੋਹਲੂ ਨਾਲ ਜੋੜਿਆ ਜਾਂਦਾ ਸੀ। ਦੂਜੇ ਚਾਚੇ ਸ. ਅਜੀਤ ਸਿੰਘ ਨੇ ਪਗੜੀ ਸੰਭਾਲ ਜੱਟਾ ਲਹਿਰ ਦੀ ਅਗਵਾਈ ਕੀਤੀ। ਫਿਰ ਏਜੰਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਵਿਦੇਸ਼ਾਂ ਵਿੱਚ ਭਾਰਤ ਦੀ ਆਜ਼ਾਦੀ ਲਈ ਪ੍ਰਚਾਰ ਕਰਦਾ ਰਿਹਾ।
ਭਗਤ ਸਿੰਘ ਆਮ ਕਰਕੇ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਮਜੰਗ ਮੁਹੱਲੇ ਵਿੱਚ ਰਹਿੰਦਾ ਸੀ। ਇੱਥੇ ਉਸ ਨੇ ਮੱਝਾਂ ਰੱਖੀਆਂ ਸਨ। ਇਸ ਦਾ ਕਾਰਨ ਇਹ ਸੀ ਕਿ ਸੀਆਈਡੀ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਸ਼ੱਕ ਨਾ ਪਵੇ। ਜਦੋਂ ਭਗਤ ਸਿੰਘ ਹੋਰਾਂ ਦਾ ਕੇਸ ਚੱਲ ਰਿਹਾ ਸੀ ਤਾਂ ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਲਾਹੌਰ ਦੇ ਸਭ ਤੋਂ ਵੱਡੇ ਵਕੀਲ ਮਿਹਰ ਚੰਦ ਮਹਾਜਨ ਦੇ ਘਰ ਅੱਗੇ ਖੜ੍ਹ ਗਏ ਜੋ ਬਾਅਦ ਵਿੱਚ ਭਾਰਤ ਦਾ ਚੀਫ ਜਸਟਿਸ ਬਣਿਆ। ਉਸ ਨੇ ਚਪੜਾਸੀ ਨੂੰ ਕਿਹਾ ਕਿ ਇਸ ਬੁੱਢੇ ਨੂੰ ਅੰਦਰ ਨਹੀਂ ਵੜਨ ਦੇਣਾ। ਬਾਅਦ ਵਿੱਚ ਇਹ ਕੇਸ ਆਸਫ਼ ਅਲੀ ਨੇ ਲੜਿਆ ਜਿਸ ਦੇ ਨਾਂ ’ਤੇ ਅੱਜਕੱਲ੍ਹ ਦਿੱਲੀ ਵਿੱਚ ਇੱਕ ਸੜਕ ਹੈ।
ਹਿੰਦੋਸਤਾਨ ਵਿੱਚ ਇੱਕ ਜੱਗੋਂ ਤੇਰ੍ਹਵੀਂ ਘਟਨਾ ਘਟੀ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਇੱਕ ਦਿਨ ਪਹਿਲਾਂ ਦੇ ਦਿੱਤੀ। ਦੁਨੀਆ ਦੇ ਕਿਸੇ ਕੋਨੇ ਵਿੱਚ ਅਜਿਹਾ ਨਾ ਕਦੇ ਪਹਿਲਾਂ ਹੋਇਆ ਸੀ ਅਤੇ ਨਾ ਕਦੇ ਬਾਅਦ ਵਿੱਚ ਹੋਇਆ।
ਭਗਤ ਸਿੰਘ ਅਤੇ ਉਸ ਦੇ ਸਾਥੀਆਂ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੇਣ ਲਈ ਮੈਜਿਸਟਰੇਟ ਦੇ ਦਸਤਖ਼ਤ ਹੋਣੇ ਜ਼ਰੂਰੀ ਸਨ। ਰਜ਼ਾ ਅਹਿਮਦ ਕਸੂਰੀ ਜੋ ਆਨਰੇਰੀ ਮੈਜਿਸਟਰੇਟ ਸੀ, ਦੇ ਦਸਤਖ਼ਤ ਕਰਵਾ ਲਏ ਗਏ ਅਤੇ ਆਜ਼ਾਦੀ ਦੇ ਪਰਵਾਨਿਆਂ ਦੀ ਮੌਤ ਨਾਲ ਗਲਵੱਕੜੀ ਪੁਆ ਦਿੱਤੀ ਗਈ। ਕੁਦਰਤ ਦੀ ਖੇਡ ਦੇਖੋ, ਰਜ਼ਾ ਅਹਿਮਦ ਕਸੂਰੀ ਤੇ ਉਸ ਦੇ ਦੁਸ਼ਮਣਾਂ ਦੀ ਲਾਹੌਰ ’ਚ ਝੜਪ ਹੋ ਗਈ ਜਿਸ ’ਚ ਕਸੂਰੀ ਮਾਰਿਆ ਗਿਆ। ਪਰਵਰਦਗਾਰ ਦੀ ਖੇਡ ਦੇਖੋ ਇਹ ਜਗ੍ਹਾ ਉਹੋ ਸੀ ਜਿੱਥੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਚਾੜ੍ਹਿਆ ਗਿਆ ਸੀ।
ਕੁਝ ਦਾਨਿਸ਼ਮੰਦ ਸੱਜਣਾਂ ਨੇ ਫਾਂਸੀ ਦੇ ਤਖ਼ਤਾਂ ਵਾਲੀ ਜਗ੍ਹਾ ਨੂੰ ਚੌਕ ਬਣਾ ਦਿੱਤਾ ਤਾਂ ਕਿ ਇੱਥੇ ਕੋਈ ਧਾਰਮਿਕ ਸਥਾਨ ਨਾ ਉਸਾਰ ਦੇਵੇ।
ਸੰਪਰਕ: 98156-28998