ਅਰਵਿੰਦਰ ਜੌਹਲ
ਪਾਕਿਸਤਾਨ ਵਿੱਚ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣ ਅਤੇ ਉੱਥੇ ਸ਼ਹੀਦ ਦਾ ਬੁੱਤ ਸਥਾਪਤ ਕਰਨ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਉੱਭਰ ਰਿਹਾ ਹੈ। ਇਹ ਮਾਮਲਾ ਉਠਾਉਣ ਅਤੇ ਅੰਜਾਮ ਤੱਕ ਪਹੁੰਚਾਉਣ ਦੇ ਅਹਿਦ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਭਾਵੇਂ ਬਹੁਤੀ ਨਹੀਂ, ਪਰ ਉਨ੍ਹਾਂ ਦੀਆਂ ਦਲੀਲਾਂ ਵਿੱਚ ਵਜ਼ਨ ਹੈ, ਪੁਖ਼ਤਗੀ ਹੈ ਅਤੇ ਇਸ ਤੋਂ ਵੀ ਵੱਧ ਇਸ ਅਤਿ-ਸੰਵੇਦਨਸ਼ੀਲ ਮੁੱਦੇ ਪ੍ਰਤੀ ਵਚਨਬੱਧਤਾ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਇਹ ਲੋਕ ਜਲਸੇ-ਜਲੂਸ ਕਰਦੇ ਰਹੇ, ਮੀਡੀਆ ਸਾਹਮਣੇ ਆਪਣਾ ਪੱਖ ਰੱਖਦੇ ਰਹੇ ਅਤੇ ਮਾਮਲੇ ਨੂੰ ਅਖੀਰ ਅਦਾਲਤ ਵਿੱਚ ਵੀ ਲੈ ਕੇ ਗਏ।
ਅਸਲ ਵਿੱਚ ਇਹ ਚੌਕ, ਜਿਸ ਨੂੰ ਹੁਣ ਸ਼ਾਦਮਾਨ ਚੌਕ ਵਜੋਂ ਜਾਣਿਆ ਜਾਂਦਾ ਹੈ, 1931 ਵਿੱਚ ਲਾਹੌਰ ਸੈਂਟਰਲ ਜੇਲ੍ਹ ਦਾ ਹਿੱਸਾ ਸੀ। ਇਸ ਚੌਕ ਵਾਲੀ ਜਗ੍ਹਾ ਉੱਤੇ ਫਾਂਸੀ ਘਾਟ ਸੀ ਜਿੱਥੇ ਭਗਤ ਸਿੰਘ ਤੇ ਸਾਥੀਆਂ ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਫਾਂਸੀ ਦਿੱਤੀ ਗਈ ਸੀ। ਪਾਕਿਸਤਾਨ ਦੀ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੰਮੇ ਸਮੇਂ ਤੋਂ ਇਸ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਅਤੇ ਇੱਥੇ ਸ਼ਹੀਦ ਦਾ ਬੁੱਤ ਲਾਉਣ ਦੀ ਮੰਗ ਕਰਦੀ ਆ ਰਹੀ ਹੈ, ਜਿਸ ਤੋਂ ਆਜ਼ਾਦੀ ਦੇ ਨਾਇਕਾਂ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਦਾ ਅਹਿਸਾਸ ਹੁੰਦਾ ਹੈ। ਇਸ ਮਾਮਲੇ ਨੂੰ ਲੈ ਕੇ ਬੀਤੇ ’ਚ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ, ਉਸ ਤੋਂ ਇਹ ਆਸ ਬੱਝਦੀ ਸੀ ਕਿ ਛੇਤੀ ਹੀ ਇਸ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ਉੱਤੇ ਰੱਖਿਆ ਜਾਵੇਗਾ ਅਤੇ ਜਦੋਂ ਕਦੇ ਵੀ ਹਸਾਸ ਤੇ ਵਤਨਪ੍ਰਸਤ ਲੋਕ ਇੱਧਰੋਂ ਪਾਕਿਸਤਾਨ ਜਾਣਗੇ ਤਾਂ ਇਸ ਜਗ੍ਹਾ ਦੀ ਜ਼ਿਆਰਤ ਜ਼ਰੂਰ ਕਰਨਗੇ। ਇਸ ਮਕਸਦ ਲਈ ਲਗਾਤਾਰ ਸਰਗਰਮ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਹੋਰ ਤਨਜ਼ੀਮਾਂ ਦੀ ਹਮੇਸ਼ਾ ਇਹ ਦਲੀਲ ਰਹੀ ਹੈ ਕਿ ਭਾਰਤ-ਪਾਕਿਸਤਾਨ ਦੇ ਨਾਇਕ ਸਾਂਝੇ ਹਨ। ਅਜਿਹੀ ਸੋਚ ਵਾਲੇ ਪਾਕਿਸਤਾਨੀਆਂ ਦੀਆਂ ਦਲੀਲਾਂ ਨਿਸ਼ਚੇ ਹੀ ਦਿਲ ਨੂੰ ਸਕੂਨ ਦੇਣ ਵਾਲੀਆਂ ਹਨ ਕਿ ਉਹ ਆਜ਼ਾਦੀ ਸੰਘਰਸ਼ ਦੇ ਨਾਇਕਾਂ ਨੂੰ ਹਿੰਦੂ, ਮੁਸਲਮਾਨ ਅਤੇ ਸਿੱਖ ਵਜੋਂ ਨਹੀਂ ਦੇਖਦੇ। ਅਜਿਹੇ ਰੋਸ਼ਨ ਖ਼ਿਆਲ ਲੋਕ ਹਰ ਵਰ੍ਹੇ 23 ਮਾਰਚ ਨੂੰ ਉਸ ਚੌਕ ਵਿੱਚ ਮੋਮਬੱਤੀਆਂ ਜਗਾ ਕੇ ਆਪਣੇ ਨਾਇਕ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਇਨ੍ਹਾਂ ਲੋਕਾਂ ਦੀ ਸ਼ਾਦਮਾਨ ਚੌਕ ਬਾਰੇ ਮੰਗ ਮੰਨੇ ਜਾਣਾ ਇੱਕ ਤਰ੍ਹਾਂ ਨਾਲ ਸੁਤੰਤਰਤਾ ਲਹਿਰ ਦੇ ਉਸ ਸਾਂਝੇ ਨਾਇਕ ਨੂੰ ਸਿਜਦਾ ਕਰਨ ਵਾਂਗ ਹੋਣਾ ਸੀ, ਜਿਸ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਪਰ ਏਦਾਂ ਨਹੀਂ ਹੋਇਆ।
ਇਸੇ ਸੰਦਰਭ ਵਿੱਚ ਪਿਛਲੇ ਦਿਨੀਂ ਲਾਹੌਰ ਤੋਂ ਆਈ ਉਹ ਖ਼ਬਰ ਬਹੁਤ ਪ੍ਰੇਸ਼ਾਨ ਕਰ ਦੇਣ ਵਾਲੀ ਸੀ ਕਿ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣ ਦਾ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਹੈ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਇਸ ਸਬੰਧੀ ਲਾਹੌਰ ਹਾਈ ਕੋਰਟ ’ਚ ਮਾਣਹਾਨੀ ਪਟੀਸ਼ਨ ਇਸ ਕਰਕੇ ਦਾਇਰ ਕੀਤੀ ਸੀ ਕਿਉਂਕਿ ਸਰਕਾਰ ਨੇ ਹਾਈ ਕੋਰਟ ਦਾ ਹੀ 5 ਸਤੰਬਰ 2018 ਦਾ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਦਾ ਹੁਕਮ ਅਜੇ ਤੱਕ ਲਾਗੂ ਨਹੀਂ ਸੀ ਕੀਤਾ। ਇਸ ਪਟੀਸ਼ਨ ਦੇ ਸੰਦਰਭ ’ਚ ਲਾਹੌਰ ਮੈਟਰੋਪੌਲੀਟਨ ਕਾਰਪੋਰੇਸ਼ਨ ਨੇ ਜਵਾਬ ਦਿੱਤਾ ਕਿ ਸ਼ਾਦਮਾਨ ਚੌਕ ਦਾ ਨਾਂ ਬਦਲਣ ਸਬੰਧੀ ਸਰਕਾਰ ਵੱਲੋਂ ਕਾਇਮ ਕਮੇਟੀ ਦੇ ਮੈਂਬਰ ਕੋਮੋਡੋਰ ਤਾਰਿਕ ਮਜੀਦ (ਰਿਟਾ.) ਦੀ ਰਾਏ ਦੇ ਮੱਦੇਨਜ਼ਰ ਚੌਕ ਦਾ ਨਾਂ ਭਗਤ ਸਿੰਘ ਰੱਖਣ ਦੀ ਤਜਵੀਜ਼ ਰੱਦ ਕਰ ਦਿੱਤੀ ਗਈ ਹੈ। ਮਜੀਦ ਨੇ ਆਪਣੀਆਂ ਟਿੱਪਣੀਆਂ ਵਿੱਚ ਇਹ ਵੀ ਕਿਹਾ ਕਿ ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਸਗੋਂ ‘ਅਪਰਾਧੀ’ ਤੇ ‘ਦਹਿਸ਼ਤਗਰਦ’ ਸੀ, ਜਿਸ ਨੇ ਬਰਤਾਨਵੀ ਅਧਿਕਾਰੀ ਦੀ ਹੱਤਿਆ ਕੀਤੀ ਸੀ ਅਤੇ ਇਸੇ ਅਪਰਾਧ ਲਈ ਉਸ ਨੂੰ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ ਸੀ। ਭਗਤ ਸਿੰਘ ਲਈ ਵਰਤੇ ਗਏ ਇਹ ਸ਼ਬਦ ਦੇਸ਼ ਵਾਸੀਆਂ ਅਤੇ ਖ਼ਾਸ ਕਰ ਕੇ ਪੰਜਾਬੀਆਂ ਲਈ ਬਹੁਤ ਹੀ ਦਿਲ ਦੁਖਾਉਣ ਵਾਲੇ ਹਨ। ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖੇ ਜਾਣ ਤੋਂ ਰੋਕਣ ਲਈ ਤਾਰਿਕ ਮਜੀਦ ਨੇ ਅੰਗਰੇਜ਼ ਸਰਕਾਰ ਵਾਲਾ ਬਿਰਤਾਂਤ ਆਪਣੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕੀਤੀ ਹੈ। ਅਸਲ ਵਿੱਚ ਭਗਤ ਸਿੰਘ ਬਰਤਾਨਵੀ ਅਫਸਰ ਜੇਮਜ਼ ਸਕੌਟ ਨੂੰ ਮਾਰ ਕੇ ਨਾ ਕੇਵਲ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ, ਸਗੋਂ ਇਸ ਨਾਲ ਉਹ ਨੌਜਵਾਨਾਂ ਵਿੱਚ ਕ੍ਰਾਂਤੀ ਦੀ ਚਿਣਗ ਵੀ ਮਘਾਉਣੀ ਚਾਹੁੰਦਾ ਸੀ।
…ਸੰਵਿਧਾਨਕ ਸੁਧਾਰਾਂ ਬਾਰੇ ਬਰਤਾਨਵੀ ਸਰਕਾਰ ਵੱਲੋਂ ਕਾਇਮ ਸੱਤ ਮੈਂਬਰੀ ਸਾਈਮਨ ਕਮਿਸ਼ਨ 3 ਫਰਵਰੀ 1928 ਨੂੰ ਭਾਰਤ ਆਇਆ। ਇਸ ਨੇ ਦੇਸ਼ ਦਾ ਦੌਰਾ ਕਰਕੇ ਆਪਣੀਆਂ ਸਿਫ਼ਾਰਸ਼ਾਂ ਦੇਣੀਆਂ ਸਨ, ਪਰ ਇਸ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ। ਇਸ ਵਿਰੁੱਧ ਰੋਸ ਪ੍ਰਗਟ ਕਰਨ ਲਈ 30 ਅਕਤੂਬਰ 1928 ਨੂੰ ਲਾਹੌਰ ਪੁੱਜੇ ਕਮਿਸ਼ਨ ਦੇ ਮੈਂਬਰਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਵਾਲੇ ਜਲੂਸ ਦੀ ਅਗਵਾਈ ਕਰ ਰਹੇ ਲਾਲਾ ਲਾਜਪਤ ਰਾਏ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਬਰਤਾਨਵੀ ਪੁਲੀਸ ਨੇ ਬੁਰੀ ਤਰ੍ਹਾਂ ਕੁੱਟਿਆ। ਇਸ ਮੌਕੇ ਲਾਹੌਰ ਦੇ ਐੱਸਪੀ ਜੇ.ਏ. ਸਕੌਟ ਨੇ ਜਿਉਂ ਹੀ ਪ੍ਰਦਰਸ਼ਨਕਾਰੀਆਂ ’ਤੇ ਹੱਲਾ ਬੋਲਣ ਦਾ ਹੁਕਮ ਦਿੱਤਾ ਤਾਂ ਡੀਐੱਸਪੀ ਜੇ.ਪੀ. ਸਾਂਡਰਸ ਅਤੇ ਉਸ ਦੇ ਪੁਲੀਸਕਰਮੀ ਪ੍ਰਦਰਸ਼ਨਕਾਰੀਆਂ ’ਤੇ ਬੁਰੀ ਤਰ੍ਹਾਂ ਟੁੱਟ ਪਏ ਅਤੇ ਲਾਲਾ ਜੀ ਗੰਭੀਰ ਜ਼ਖਮੀ ਹੋ ਗਏ। ਠੀਕ 18 ਦਿਨ ਮਗਰੋਂ 17 ਨਵੰਬਰ ਨੂੰ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਉਨ੍ਹਾਂ ’ਤੇ ਲਾਠੀਆਂ ਵਰ੍ਹਾਉਣ ਵਾਲੇ ਅਫਸਰ ਜੇਏ ਸਕੌਟ ਨੂੰ ਮਾਰਨ ਲਈ ਭਗਤ ਸਿੰਘ ਤੇ ਸਾਥੀਆਂ ਵੱਲੋਂ ਯੋਜਨਾ ਘੜੀ ਗਈ। ਇਸ ਯੋਜਨਾ ਨੂੰ ਅਮਲੀ ਰੂਪ ਦੇਣ ਵੇਲੇ ਜੈ ਗੋਪਾਲ ਨੇ ਗ਼ਲਤ ਪਛਾਣ ਕਰਦਿਆਂ ਇਸ਼ਾਰਾ ਸਾਂਡਰਸ ਵੱਲ ਕਰ ਦਿੱਤਾ ਅਤੇ ਭਗਤ ਸਿੰਘ ਅਤੇ ਰਾਜਗੁਰੂ ਨੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਾਂਡਰਸ ਨੂੰ ਮੌਤ ਦੇ ਘਾਟ ਉਤਾਰਨ ਮਗਰੋਂ ਅਗਲੇ ਦਿਨ ਪੋਸਟਰ ਜਾਰੀ ਕਰ ਕੇ ਐਲਾਨ ਕੀਤਾ ਗਿਆ, ‘‘ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ ਗਿਆ ਹੈ।’’
ਅੰਗਰੇਜ਼ ਸਰਕਾਰ ਨੇ ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਕੀਤੀਆਂ ਪਰ ਉਹ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਤੱਕ ਨਾ ਪਹੁੰਚ ਸਕੀ ਅਤੇ ਉਸ ਵੱਲੋਂ ਇਹ ਪ੍ਰਾਪੇਗੰਡਾ ਚਲਾਇਆ ਗਿਆ ਕਿ ਸਾਂਡਰਸ ਦੀ ਹੱਤਿਆ ਕੁਝ ਡਾਕੂਆਂ ਦਾ ਕਾਰਾ ਹੈ ਨਾ ਕਿ ਆਜ਼ਾਦੀ ਘੁਲਾਟੀਆਂ ਦਾ। ਭਗਤ ਸਿੰਘ ਤੇ ਸਾਥੀ ਇਸ ਗੱਲੋਂ ਬੇਚੈਨ ਸਨ ਕਿ ਉਨ੍ਹਾਂ ਲਾਲਾ ਜੀ ਦਾ ਮੌਤ ਦਾ ਬਦਲਾ ਲੈ ਲਿਆ ਹੈ ਪਰ ਕ੍ਰਾਂਤੀ ਦੀ ਅੱਗ ਚਾਰੇ ਪਾਸੇ ਫੈਲਾਉਣ ਦੀ ਉਨ੍ਹਾਂ ਦੀ ਆਸ ਪੂਰੀ ਨਹੀਂ ਸੀ ਹੋਈ ਅਤੇ ਨਾ ਹੀ ਲੋੜੀਂਦੇ ਸਿੱਟੇ ਪ੍ਰਾਪਤ ਕੀਤੇ ਜਾ ਸਕੇ ਸਨ। ਇਸ ਮਗਰੋਂ ਭਗਤ ਸਿੰਘ ਤੇ ਸਾਥੀਆਂ ਨੇ ਕੇਂਦਰੀ ਅਸੈਂਬਲੀ ’ਚ ਬੰਬ ਸੁੱਟਣ ਦੀ ਯੋਜਨਾ ਘੜੀ ਅਤੇ ਬੰਬ ਸੁੱਟਣ ਮਗਰੋਂ ਅਸੈਂਬਲੀ ਵਿੱਚ ਪਰਚੇ ਸੁੱਟੇ ਜਿਨ੍ਹਾਂ ’ਤੇ ਇਸ ਕਾਰਵਾਈ ਦਾ ਉਦੇਸ਼ ਲਿਖਿਆ ਹੋਇਆ ਸੀ। ਭਗਤ ਸਿੰਘ ਅਤੇ ਸਾਥੀ ਜੇਕਰ ਚਾਹੁੰਦੇ ਤਾਂ ਉਹ ਅਸੈਂਬਲੀ ਵਿੱਚ ਸ਼ਕਤੀਸ਼ਾਲੀ ਬੰਬ ਸੁੱਟ ਕੇ ਭੱਜ ਸਕਦੇ ਸਨ ਜਾਂ ਉੱਥੇ ਮੌਜੂਦ ਬਰਤਾਨਵੀ ਅਫਸਰਾਂ ਅਤੇ ਬਰਤਾਨੀਆ ਪੱਖੀ ਲੋਕਾਂ ਨੂੰ ਮਾਰ ਸਕਦੇ ਸਨ ਪਰ ਉਨ੍ਹਾਂ ਗਿ੍ਰਫ਼ਤਾਰੀ ਦਿੱਤੀ ਕਿਉਂਿਕ ਉਹ ਦੇਸ਼ ਭਰ ਵਿੱਚ ਬਰਤਾਨਵੀ ਸ਼ਾਸਨ ਖ਼ਿਲਾਫ਼ ਕ੍ਰਾਂਤੀ ਦੀ ਚਿਣਗ ਮਘਾਉਣੀ ਚਾਹੁੰਦੇ ਸਨ। ਅਜਿਹਾ ਕਿਧਰੇ ਕੋਈ ਹਵਾਲਾ ਨਹੀਂ ਮਿਲਦਾ ਕਿ ਦੇਸ਼ ਲਈ ਆਜ਼ਾਦੀ ਹਾਸਲ ਕਰਨ ਤੋਂ ਇਲਾਵਾ ਭਗਤ ਸਿੰਘ ਦਾ ਕੋਈ ਹੋਰ ਮਕਸਦ ਸੀ। ਉਸ ਨੇ ਪਿਸਤੌਲ ਦੀ ਵਰਤੋਂ ਵੀ ਕ੍ਰਾਂਤੀ ਦੇ ਔਜ਼ਾਰ ਵਜੋਂ ਕੀਤੀ ਜੋ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਸੀ।
ਆਪਣੇ ਬਾਰੇ ਖ਼ੁਦ ਭਗਤ ਸਿੰਘ ਦਾ ਕਹਿਣਾ ਸੀ, ‘‘ਕਿਹਾ ਗਿਆ ਹੈ ਕਿ ਮੈਂ ਦਹਿਸ਼ਤਪਸੰਦ ਹਾਂ ਪਰ ਮੈਂ ਦਹਿਸ਼ਤਪਸੰਦ ਨਹੀਂ। ਮੈਂ ਕ੍ਰਾਂਤੀਕਾਰੀ ਹਾਂ ਜਿਸ ਦੇ ਕੁਝ ਨਿਸ਼ਚਿਤ ਵਿਚਾਰ ਅਤੇ ਆਦਰਸ਼ ਹਨ ਤੇ ਜਿਸ ਦੇ ਸਾਹਮਣੇ ਇੱਕ ਲੰਮਾ ਪ੍ਰੋਗਰਾਮ ਹੈ। ਮੈਂ ਪੂਰੇ ਯਕੀਨ ਨਾਲ ਇਹ ਗੱਲ ਕਹਿੰਦਾ ਹਾਂ ਕਿ ਮੈਂ ਨਾ ਦਹਿਸ਼ਤਪਸੰਦ ਸੀ ਅਤੇ ਨਾ ਹਾਂ।’’
ਇਸ ਸਮੁੱਚੇ ਬਿਰਤਾਂਤ ਨੂੰ ਸਮਝਣ ਲਈ ਡੈਰਲ ਟਰੈਂਟ ਦੀ ਇਹ ਟਿੱਪਣੀ ਬਿਲਕੁਲ ਢੁੱਕਵੀਂ ਹੈ: ‘‘ਕਿਸੇ ਇੱਕ ਵਿਅਕਤੀ ਲਈ ਜੋ ਦਹਿਸ਼ਤਗਰਦ ਹੈ, ਦੂਜੇ ਲਈ ਉਹ ਆਜ਼ਾਦੀ ਘੁਲਾਟੀਆ ਹੈ।’’ ਦੇਸ਼ ਵਾਸੀਆਂ ਲਈ ਉਹ ਆਜ਼ਾਦੀ ਘੁਲਾਟੀਆ ਸੀ ਪਰ ਅੰਗਰੇਜ਼ੀ ਸਾਮਰਾਜ ਨੂੰ ਚੁਣੌਤੀ ਦੇਣ ਕਾਰਨ ਬਰਤਾਨਵੀ ਹਕੂਮਤ ਨੇ ਭਗਤ ਸਿੰਘ ਨੂੰ ‘ਦਹਿਸ਼ਤਗਰਦ’ ਤੇ ‘ਅਪਰਾਧੀ’ ਵਜੋਂ ਪੇਸ਼ ਕੀਤਾ।
ਭਗਤ ਸਿੰਘ ਬਾਰੇ ਉਸ ਵੇਲੇ ਲੋਕ-ਮਨਾਂ ਵਿੱਚ ਜੋ ਭਾਵਨਾਵਾਂ ਸਨ, ਉਨ੍ਹਾਂ ਦੇ ਮੱਦੇਨਜ਼ਰ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਨੂੰ ਵੀ ਉਸ ਦੀ ਪ੍ਰਸ਼ੰਸਾ ਕਰਨੀ ਪਈ। ਹਾਲਾਂਕਿ, ਉਹ ਦੋਵੇਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉਸ ਵੱਲੋਂ ਅਪਣਾਏ ਗਏ ਢੰਗ-ਤਰੀਕਿਆਂ ਨਾਲ ਸਹਿਮਤ ਨਹੀਂ ਸਨ। ਨਹਿਰੂ ਵੱਲੋਂ ਆਪਣੀ ਸਵੈ-ਜੀਵਨੀ ਵਿੱਚ ਲਿਖਿਆ ਗਿਆ ਹੈ: ‘‘ਭਗਤ ਸਿੰਘ ਦੀ ਲੋਕਪ੍ਰਿਯਤਾ ਉਸ ਵੱਲੋਂ ਕੀਤੇ ਗਏ ਦਹਿਸ਼ਤੀ ਕਾਰੇ ਕਰ ਕੇ ਨਹੀਂ ਸੀ, ਸਗੋਂ ਸਮੁੱਚੇ ਦੇਸ਼ ਵਾਸੀਆਂ ਨੂੰ ਜਾਪਿਆ ਕਿ ਉਸ ਨੇ ਇਹ ਕਾਰਵਾਈ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਅਤੇ ਦੇਸ਼ ਦਾ ਮਾਣ-ਸਨਮਾਨ ਕਾਇਮ ਰੱਖਣ ਲਈ ਕੀਤੀ ਹੈ। ਇੱਕ ਤਰ੍ਹਾਂ ਨਾਲ ਉਹ ਦੇਸ਼ ਦੇ ਮਾਣ-ਸਨਮਾਨ ਦੇ ਰੱਖਿਅਕ ਦੇ ਪ੍ਰਤੀਕ ਵਜੋਂ ਉੱਭਰ ਕੇ ਸਾਹਮਣੇ ਆਇਆ। ਇਸ ਹਿੰਸਕ ਕਾਰਵਾਈ ਨੂੰ ਸਾਰੇ ਭੁੱਲ ਗਏ, ਪਰ ਉਹ ਪ੍ਰਤੀਕ ਕਾਇਮ ਰਿਹਾ ਅਤੇ ਕੁਝ ਮਹੀਨਿਆਂ ਦੇ ਅੰਦਰ ਹੀ ਪੰਜਾਬ ਦੇ ਹਰ ਕਸਬੇ ਅਤੇ ਪਿੰਡ ਵਿੱਚ ਬੱਚੇ ਬੱਚੇ ਦੀ ਜ਼ੁਬਾਨ ’ਤੇ ਉਸ ਦਾ ਨਾਮ ਸੀ। ਉਸ ਦੀ ਲੋਕਪ੍ਰਿਯਤਾ ਏਨੀ ਵਧ ਗਈ ਕਿ ਉਸ ਦੇ ਨਾਂ ’ਤੇ ਅਨੇਕਾਂ ਗੀਤ ਅਤੇ ਘੋੜੀਆਂ ਲਿਖੀਆਂ ਗਈਆਂ।’’
ਇਸੇ ਤਰ੍ਹਾਂ ਮਹਾਤਮਾ ਗਾਂਧੀ ਭਾਵੇਂ ਖ਼ੁਦ ਅਹਿੰਸਾ ਦੇ ਸਿਧਾਂਤ ’ਚ ਯਕੀਨ ਰੱਖਦੇ ਸਨ, ਪਰ ਉਨ੍ਹਾਂ ਵੀ ਭਗਤ ਸਿੰਘ ਦੀ ਦਲੇਰੀ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਉਸ ਦੀ ਦਲੇਰੀ ਦੀ ਥਾਹ ਪਾਉਣੀ ਸੰਭਵ ਨਹੀਂ। ਫਾਂਸੀ ਦੇ ਰੱਸੇ ਨੇ ਇਨ੍ਹਾਂ ਦੇ ਸਿਰ ’ਤੇ ਬਹਾਦਰੀ ਦਾ ਤਾਜ ਸਜਾ ਦਿੱਤਾ ਹੈ। ਇਨ੍ਹਾਂ ਨੌਜਵਾਨਾਂ ਦੀ ਪ੍ਰਸ਼ੰਸਾ ਵਿੱਚ ਜੋ ਵੀ ਸ਼ਬਦ ਕਹੇ ਗਏ ਹਨ, ਮੈਂ ਉਨ੍ਹਾਂ ਨਾਲ ਸਹਿਮਤ ਹਾਂ। ਉਨ੍ਹਾਂ ਦੀ ਕੁਰਬਾਨੀ, ਬਹਾਦਰੀ ਅਤੇ ਦਲੇਰੀ ਦੀ ਸ਼ਲਾਘਾ ਕਰਨੀ ਬਣਦੀ ਹੈ।’’
ਭਗਤ ਸਿੰਘ, ਜਿਸ ਦੀ ਉਮਰ ਉਦੋਂ ਮਸਾਂ ਬਾਈ-ਤੇਈ ਵਰ੍ਹਿਆਂ ਦੀ ਸੀ, ਦੀ ਸੋਚ ਵਿੱਚ ਧਾਰਮਿਕ ਸੰਕੀਰਣਤਾ ਲਈ ਕੋਈ ਥਾਂ ਨਹੀਂ ਸੀ। ਸਾਡੇ ਦੇਸ਼ ਦੀ ਸਿਆਸਤ ਦਾ ਆਧਾਰ ਹਮੇਸ਼ਾ ਧਾਰਮਿਕ ਅਕੀਦੇ ਰਹੇ ਹਨ, ਜਿਨ੍ਹਾਂ ਨੂੰ ਭਗਤ ਸਿੰਘ ਬਹੁਤ ਨਫ਼ਰਤ ਕਰਦਾ ਸੀ। ਉਸ ਨੇ ਅੱਜ ਤੋਂ ਇੱਕ ਸਦੀ ਪਹਿਲਾਂ ਲਿਖਿਆ ਸੀ: ‘‘ਭਗਵਾਨ ਵਿੱਚ ਵਿਸ਼ਵਾਸ ਕਰਨ ਵਾਲਾ ਕੋਈ ਵੀ ਹਿੰਦੂ ਅਗਲੇ ਜਨਮ ਵਿੱਚ ਰਾਜੇ ਵਜੋਂ ਜਨਮ ਲੈਣ ਦੀ ਖ਼ਾਹਿਸ਼ ਰੱਖਦਾ ਹੋਵੇਗਾ, ਕੋਈ ਮੁਸਲਮਾਨ ਜਾਂ ਇਸਾਈ ਆਪਣੇ ਦੁੱਖਾਂ-ਤਕਲੀਫ਼ਾਂ ਤੇ ਕੁਰਬਾਨੀਆਂ ਬਦਲੇ ਜੰਨਤ ਵਿੱਚ ਮਿਲਣ ਵਾਲੀਆਂ ਸੁਖ-ਸਹੂਲਤਾਂ ਦੀ ਕਾਮਨਾ ਕਰਦਾ ਹੋਵੇਗਾ ਅਤੇ ਆਪਣੇ ਵੱਲੋਂ ਝੱਲੇ ਜਾ ਰਹੇ ਕਸ਼ਟਾਂ ਅਤੇ ਕੁਰਬਾਨੀਆਂ ਬਦਲੇ ਨਿਵਾਜੇ ਜਾਣ ਦੀ ਆਸ ਰੱਖਦਾ ਹੋਵੇਗਾ ਪਰ ਮੈਂ ਕੀ ਉਮੀਦ ਰੱਖਦਾ ਹਾਂ? ਮੈਨੂੰ ਪਤਾ ਹੈ ਕਿ ਜਿਸ ਘੜੀ ਮੇਰੇ ਗਲ਼ ਦੁਆਲੇ ਫਾਂਸੀ ਦਾ ਫੰਦਾ ਕਸਿਆ ਗਿਆ ਅਤੇ ਫਾਂਸੀ ਦਾ ਤਖ਼ਤਾ ਮੇਰੇ ਪੈਰਾਂ ਥੱਲਿਓਂ ਖਿੱਚ ਲਿਆ ਗਿਆ, ਉਹ ਪਲ ਮੇਰੀ ਜ਼ਿੰਦਗੀ ਦੇ ਆਖ਼ਰੀ ਪਲ ਹੋਣਗੇ, ਬੱਸ ਜ਼ਿੰਦਗੀ ਦੀਆਂ ਆਖ਼ਰੀ ਘੜੀਆਂ। ਜੇ ਮੈਂ ਹੋਰ ਸਹੀ ਢੰਗ ਨਾਲ ਕਹਾਂ ਤਾਂ ਕਿਹਾ ਜਾ ਸਕਦਾ ਹੈ ਕਿ ਅਧਿਆਤਮਕ ਰੂਪ ’ਚ ਜਿਸ ਨੂੰ ਮੇਰੀ ਆਤਮਾ ਕਿਹਾ ਜਾਂਦਾ ਹੈ, ਉਹ ਉਸੇ ਵੇਲੇ ਖ਼ਤਮ ਹੋ ਜਾਵੇਗੀ, ਇਸ ਤੋਂ ਅੱਗੇ ਹੋਰ ਕੁਝ ਨਹੀਂ। ਜੇਕਰ ਮੇਰੇ ’ਚ ਇਸ ਗੱਲ ਨੂੰ ਇਉਂ ਲੈਣ ਦਾ ਹੌਸਲਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਬਿਨਾਂ ਕਿਸੇ ਸ਼ਾਨਦਾਰ ਅੰਤ ਦੇ ਸੰਘਰਸ਼ਪੂਰਨ ਛੋਟੀ ਜਿਹੀ ਜ਼ਿੰਦਗੀ ਵੀ ਆਪਣੇ ਆਪ ਵਿੱਚ ਇੱਕ ਇਨਾਮ ਹੈ। ਗੱਲ ਬੱਸ ਏਨੀ ਹੈ ਕਿ ਇਸ ਦੁਨੀਆ ਜਾਂ ਇਸ ਤੋਂ ਬਾਅਦ ਦੀ ਕਿਸੇ ਦੁਨੀਆ ਵਿੱਚ ਬਿਨਾਂ ਕਿਸੇ ਸਵਾਰਥ ਦੇ ਮੈਂ ਆਪਣੀ ਜ਼ਿੰਦਗੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲੇਖੇ ਲਿਖ ਦਿੱਤੀ ਹੈ ਕਿਉਂਕਿ ਇਸ ਤੋਂ ਬਿਨਾਂ ਮੈਂ ਕੁਝ ਹੋਰ ਕਰ ਹੀ ਨਹੀਂ ਸਕਦਾ।’’
ਭਗਤ ਸਿੰਘ ਨੂੰ ਦੇਸ਼ ਪਿਆਰ ਦੀ ਗੁੜ੍ਹਤੀ ਆਪਣੇ ਪਰਿਵਾਰ ਤੋਂ ਹੀ ਮਿਲੀ ਸੀ। ਉਸ ਦੇ ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਅਤੇ ਸਵਰਨ ਸਿੰਘ ਸਾਰੇ ਹੀ ਬਰਤਾਨਵੀ ਹਕੂਮਤ ਖ਼ਿਲਾਫ਼ ਸੰਘਰਸ਼ ਵਿੱਚ ਸ਼ਾਮਲ ਸਨ।
ਭਗਤ ਸਿੰਘ ਨੇ ਦੁਨੀਆ ਭਰ ਦੇ ਲੇਖਕਾਂ ਦੀਆਂ ਪੁਸਤਕਾਂ ਪੜ੍ਹੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਕਾਰਲ ਮਾਰਕਸ ਤੋਂ ਲੈ ਕੇ ਰਾਬਿੰਦਰ ਨਾਥ ਟੈਗੋਰ, ਦਾਸਤੋਵਸਕੀ, ਵਿਕਟਰ ਹਿਊਗੋ, ਦਾਂਤੇ, ਉਮਰ ਖਯਾਮ, ਫਰੈਡਰਿਕ ਏਂਗਲਜ਼, ਸਾਵਰਕਰ ਅਤੇ ਇੱਥੋਂ ਤੱਕ ਕਿ ਮਾਈਕਲ ਓ’ਡਵਾਇਰ ਦੇ ਨਾਂ ਵੀ ਸ਼ਾਮਲ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਗੰਭੀਰ ਚਿੰਤਕ ਅਤੇ ਪਾਠਕ ਸੀ। ਉਹ ਜੇਲ੍ਹ ਵਿੱਚ ਆਪਣੇ ਆਖ਼ਰੀ ਵੇਲੇ ਤੱਕ ਵੀ ਡਾਇਰੀ ਲਿਖਦਾ ਰਿਹਾ। ਉਹ ਦੁਨੀਆ ਭਰ ’ਚ ਚੱਲੇ ਆਜ਼ਾਦੀ ਦੇ ਸੰਘਰਸ਼ਾਂ ਅਤੇ ਉਨ੍ਹਾਂ ’ਚ ਅਪਣਾਈਆਂ ਗਈਆਂ ਰਣਨੀਤੀਆਂ ਦੇ ਨਾਲ ਨਾਲ ਦੁਨੀਆ ਭਰ ’ਚ ਹੋ ਰਹੀ ਸਿਆਸੀ ਉਥਲ-ਪੁਥਲ ਬਾਰੇ ਵੀ ਚੰਗੀ ਤਰ੍ਹਾਂ ਜਾਣੂ ਸੀ।
ਬਾਈ-ਤੇਈ ਵਰ੍ਹਿਆਂ ਦੇ ਇਸ ਨੌਜਵਾਨ ਨੂੰ ਬਿਲਕੁਲ ਸਪਸ਼ਟ ਸੀ ਕਿ ਉਸ ਦੀ ਜ਼ਿੰਦਗੀ ਦਾ ਮਕਸਦ ਕੀ ਹੈ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉਸ ’ਤੇ ਮਰਨ-ਮਿੱਟੀ ਚੜ੍ਹੀ ਹੋਈ ਸੀ ਅਤੇ ਉਹ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਖ਼ੁਦ ਫਾਂਸੀ ਦੇ ਤਖ਼ਤੇ ’ਤੇ ਚੜ੍ਹਨ ਦੀਆਂ ਗੱਲਾਂ ਕਰ ਰਿਹਾ ਸੀ। ਧਾਰਮਿਕ ਸੰਕੀਰਣਤਾਵਾਂ ਤੋਂ ਉੱਪਰ ਉੱਠ ਕੇ ਉਹ ਦੇਸ਼ ਵਾਸਤੇ ਮਰ-ਮਿਟਣ ਲਈ ਤਿਆਰ ਸੀ। ਸ਼ਾਇਦ ਤਾਰਿਕ ਮਜੀਦ ਜਿਹਾ ਕੱਟੜਪੰਥੀ ਭੁੱਲ ਗਿਆ ਕਿ ਜਿਸ ਆਜ਼ਾਦ ਪਾਕਿਸਤਾਨ ਵਿੱਚ ਅੱਜ ਉਹ ਸਾਹ ਲੈ ਰਿਹਾ ਹੈ, ਉਹ ਭਗਤ ਸਿੰਘ ਜਿਹੇ ਸ਼ਹੀਦਾਂ ਦੀ ਬਦੌਲਤ ਹੈ, ਜਿਸ ਨੂੰ ਉਹ ਨਿਹਾਇਤ ਬੇਹਯਾਈ ਨਾਲ ‘ਅਪਰਾਧੀ’ ਤੇ ‘ਦਹਿਸ਼ਤਗਰਦ’ ਦੱਸ ਰਿਹਾ ਹੈ। ਅੱਜ ਆਪਣੇ ਵੀਹ-ਬਾਈ ਵਰ੍ਹਿਆਂ ਦੇ ਧੀਆਂ-ਪੁੱਤਾਂ ਨੂੰ ਧਿਆਨ ’ਚ ਰੱਖਦਿਆਂ ਉਸ ਉਮਰ ਦੇ ਭਗਤ ਸਿੰਘ ਬਾਰੇ ਸੋਚ ਕੇ ਦੇਖੋ, ਜਵਾਬ ਖ਼ੁਦ-ਬ-ਖ਼ੁਦ ਮਿਲ ਜਾਵੇਗਾ। ਉਸ ਨਿੱਕੀ ਉਮਰ ਦੇ ਨੌਜਵਾਨ ਦੀ ਸੋਚ, ਪਰਿਪੱਕਤਾ ਅਤੇ ਮਕਸਦ ਬਾਰੇ ਸਪੱਸ਼ਟਤਾ ਨੂੰ ਦੇਖਦਿਆਂ ਉਸ ਦੇ ਸਦਕੇ ਜਾਣ ਨੂੰ ਜੀਅ ਕਰਦਾ ਹੈ।
23 ਵਰ੍ਹਿਆਂ ਦਾ ਭਗਤ ਸਿੰਘ, ਜੋ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਾਂਸੀ ਦੇ ਤਖ਼ਤੇ ’ਤੇ ਚੜ੍ਹਿਆ, ਕੀ ਉਸ ਦਾ ਜੀਅ ਜਵਾਨੀ ਮਾਣਨ ਲਈ ਨਹੀਂ ਕਰਦਾ ਹੋਵੇਗਾ? ਪਰ ਉਸ ਦਾ ਨਿਸ਼ਾਨਾ ਕਿਤੇ ਵੱਡਾ ਅਤੇ ਆਪਣੇ ਦੇਸ਼ ਨੂੰ ਆਜ਼ਾਦ ਦੇਖਣਾ ਸੀ ਜਿਸ ਦੀ ਤਾਰਿਕ ਮਜੀਦ ਜਿਹੇ ਕੱਟੜਪੰਥੀਆਂ ਨੂੰ ਸਮਝ ਨਹੀਂ ਪੈ ਸਕਦੀ। ਸ਼ਾਦਮਾਨ ਚੌਕ ’ਚ ਹਰ ਵਰ੍ਹੇ 23 ਮਾਰਚ ਨੂੰ ਮੋਮਬੱਤੀਆਂ ਜਗਾ ਕੇ ਆਪਣੇ ਆਜ਼ਾਦੀ ਦੇ ਅੰਦੋਲਨ ਦੇ ਨਾਇਕ ਨੂੰ ਯਾਦ ਕਰਨ ਵਾਲਿਆਂ ਨੇ ਇਸੇ ਚੌਕ ’ਚ ਖੜ੍ਹੇ ਹੋ ਕੇ ਪਾਕਿਸਤਾਨ ਦੇ ਕੱਟੜਪੰਥੀਆਂ ਅਤੇ ਸਰਕਾਰ ਨੂੰ ਸਵਾਲ ਪਾਇਆ ਸੀ, ‘‘ਅਸੀਂ ਆਪਣੀ ਧਰਤੀ ਦੇ ਬੱਚਿਆਂ ਨੂੰ ਅਪਣਾ ਨਹੀਂ ਰਹੇ। ਭਗਤ ਸਿੰਘ ਫੈਸਲਾਬਾਦ ’ਚ ਜੰਮਿਆ ਅਤੇ ਲਾਹੌਰ ਵਿੱਚ ਉਸ ਨੂੰ ਫਾਂਸੀ ਦਿੱਤੀ ਗਈ ਪਰ ਅਸੀਂ ਉਸ ਨੂੰ ਆਪਣਾ ਨਹੀਂ ਮੰਨ ਰਹੇ। ਉਹ ਸਾਡੇ ਵਰਗੇ ਆਮ ਲੋਕਾਂ ਦੀ ਲੜਾਈ ਲੜਿਆ। ਸਾਡੀ ਮੰਗ ਕੋਈ ਲੰਮੀ-ਚੌੜੀ ਨਹੀਂ। ਅਸੀਂ ਤਾਂ ਸਿਰਫ਼ ਭਗਤ ਸਿੰਘ ਦੇ ਨਾਂ ’ਤੇ ਇਸ ਚੌਕ ਦਾ ਨਾਂ ਰੱਖਣ ਦੀ ਮੰਗ ਕਰ ਰਹੇ ਹਾਂ ਅਤੇ ਕੱਟੜ ਮਜ਼ਹਬੀ ਤਬਕੇ ਵੱਲੋਂ ਇਸ ਦੀ ਮੁਖ਼ਾਲਫਤ ਕੀਤੀ ਜਾ ਰਹੀ ਹੈ।’’
ਭਗਤ ਸਿੰਘ ਪੰਜਾਬੀਆਂ ਦਾ ਇਨਕਲਾਬੀ ਨਾਇਕ ਹੈ ਅਤੇ ਹਮੇਸ਼ਾ ਰਹੇਗਾ। ਇੱਕ ਸ਼ਤਾਬਦੀ ਮਗਰੋਂ ਅੱਜ ਵੀ ਉਹ ਸਾਡੇ ਮਨਾਂ ਅੰਦਰ ਜਿਊਂਦਾ ਹੈ। ਉਸ ਨੂੰ ‘ਸ਼ਹੀਦ’ ਦਾ ਰੁਤਬਾ ਦੇਸ਼ ਦੇ ਲੋਕਾਂ ਵੱਲੋਂ ਦਿੱਤਾ ਗਿਆ ਹੈ ਜਿਸ ਦੀ ਪ੍ਰਮਾਣਿਕਤਾ ਲਈ ਕੱਟੜਪੰਥੀਆਂ ਦੇ ਫ਼ਤਵੇ ਦੀ ਲੋੜ ਨਹੀਂ। ਕੱਟੜਪੰਥੀ ਲੋਕ ਜਦੋਂ ਸਾਡੇ ਇਨਕਲਾਬੀ ਨਾਇਕ ਅਤੇ ਸ਼ਹੀਦ ਨੂੰ ‘ਦਹਿਸ਼ਤਗਰਦ’ ਅਤੇ ‘ਅਪਰਾਧੀ’ ਗਰਦਾਨਣ ਲੱਗ ਪੈਣ ਤਾਂ ਸਮੁੱਚੇ ਪੰਜਾਬੀਆਂ, ਭਾਵੇਂ ਉਹ ਸਰਹੱਦ ਦੇ ਇਸ ਪਾਰ ਹੋਣ ਜਾਂ ਉਸ ਪਾਰ ਤੇ ਜਾਂ ਫਿਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਹੋਣ, ਲਈ ਇਹ ਸੋਚਣ ਅਤੇ ਇਸ ਵਰਤਾਰੇ ਖ਼ਿਲਾਫ਼ ਆਵਾਜ਼ ਉਠਾਉਣ ਦਾ ਵੇਲਾ ਹੈ। ਸ਼ਾਦਮਾਨ ਚੌਕ ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ 2025 ਨੂੰ ਲਾਹੌਰ ਹਾਈ ਕੋਰਟ ’ਚ ਹੋਣੀ ਹੈ। ਦੇਖੋ, ਮਾਮਲਾ ਕੀ ਰੁਖ਼ ਅਖ਼ਤਿਆਰ ਕਰਦਾ ਹੈ। ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖੇ ਜਾਣ ਦੀ ਆਪਣੀ ਅਹਿਮੀਅਤ ਹੈ, ਪਰ ਫਿਲਹਾਲ ਸਾਡੀ ਪੰਜਾਬ ਸਰਕਾਰ ਆਪਣੇ ਕੁਝ ਸ਼ਹਿਰਾਂ ਦੇ ਚੌਕ ਭਗਤ ਸਿੰਘ ਨੂੰ ਸਮਰਪਿਤ ਕਰ ਸਕਦੀ ਹੈ। ਘੱਟੋ-ਘੱਟ ਕੱਟੜਪੰਥੀਆਂ ਨੂੰ ਇਹ ਸੁਨੇਹਾ ਤਾਂ ਦਿੱਤਾ ਜਾ ਸਕੇਗਾ ਕਿ ਪੰਜਾਬੀਆਂ ਦੇ ਸਾਂਝੇ ਨਾਇਕ ਦੀਆਂ ਯਾਦਾਂ ਅੱਜ ਵੀ ਸਾਡੇ ਚੇਤਿਆਂ ਵਿੱਚ ਵਸੀਆਂ ਹੋਈਆਂ ਹਨ।