ਸ੍ਰੀਨਗਰ, 16 ਨਵੰਬਰ
ਕਸ਼ਮੀਰ ਵਿੱਚ ਸਕੀਇੰਗ ਲਈ ਸੈਲਾਨੀਆਂ ਦੇ ਪਸੰਦੀਦਾ ਸੈਰ ਸਪਾਟਾ ਸਥਾਨ ਗੁਲਮਰਗ ’ਚ ਅੱਜ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ, ਜਦਕਿ ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਰਫ਼ਬਾਰੀ ਸਵੇਰ ਸਮੇਂ ਸ਼ੁਰੂ ਹੋਈ ਅਤੇ ਰੁਕ-ਰੁਕ ਕੇ ਜਾਰੀ ਰਹੀ, ਜਿਸ ਨਾਲ ਸੈਲਾਨੀ ਸਥਾਨ ’ਤੇ ਬਰਫ਼ ਦੀ ਇਕ ਇੰਚ ਮੋਟੀ ਪਰਤ ਵਿਛ ਗਈ। ਅਧਿਕਾਰੀਆਂ ਨੇ ਕਿਹਾ ਕਿ ਗੁਲਮਰਗ ਤੋਂ ਇਲਾਵਾ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼, ਕੁਪਵਾੜਾ ਦੇ ਮਛੀਲ, ਸ਼ੋਪੀਆਂ ਦੇ ਮੁਗਲ ਰੋਡ ਅਤੇ ਹੋਰ ਥਾਵਾਂ ਸਣੇ ਘਾਟੀ ਦੇ ਕਈ ਉਪਰਲੇ ਇਲਾਕਿਆਂ ’ਚ ਵੀ ਬਰਫ਼ਬਾਰੀ ਹੋਈ ਹੈ। ਉਨ੍ਹਾਂ ਮੁਤਾਬਕ ਇਸੇ ਦੌਰਾਨ ਅੱਜ ਸ੍ਰੀਨਗਰ ਸਣੇ ਕਈ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ 17 ਤੋਂ 23 ਨਵੰਬਰ ਤੱਕ ਮੌਸਮ ਆਮ ਕਰਕੇ ਖੁਸ਼ਕ ਰਹੇਗਾ ਅਤੇ 24 ਨਵੰਬਰ ਨੂੰ ਹਲਕੀ ਬਾਰਸ਼ ਤੇ ਉਪਰਲੇ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। -ਪੀਟੀਆਈ