ਐੱਨਪੀ ਧਵਨ
ਪਠਾਨਕੋਟ, 16 ਨਵੰਬਰ
ਭਾਰਤ ਅਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦਾ ਬਮਿਆਲ ਖੇਤਰ ਇਸ ਵੇਲੇ ਸੁਰੱਖਿਆ ਪੱਖੋਂ ਬਹੁਤ ਸੰਵੇਦਨਸ਼ੀਲ ਹੈ। ਪਾਕਿਸਤਾਨ ਦੀ ਦਹਿਸ਼ਤਗਰਦ ਜਥੇਬੰਦੀ ਜੈਸ਼-ਏ-ਮੁਹੰਮਦ ਆਪਣੇ ਦਹਿਸ਼ਤਗਰਦਾਂ ਨੂੰ ਇਸ ਖੇਤਰ ਰਾਹੀਂ ਪੰਜਾਬ ਦੀ ਹੱਦ ਅੰਦਰ ਘੁਸਪੈਠ ਕਰਵਾਉਣ ਲਈ ਮੌਕੇ ਦੀ ਭਾਲ ਵਿੱਚ ਹੈ। ਦੋ ਮਹੀਨਿਆਂ ਵਿੱਚ ਇਸ ਖੇਤਰ ਅੰਦਰ ਡਰੋਨ ਮਿਲਣ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ, ਜਦਕਿ ਇਲਾਕੇ ਵਿੱਚੋਂ ਹੈਰੋਇਨ ਦੇ ਪੈਕੇਟ ਵੀ ਬਰਾਮਦ ਹੋ ਚੁੱਕੇ ਹਨ। ਸਰਹੱਦੀ ਇਲਾਕੇ ’ਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ ਅਤੇ ਇਸ ਦਾ ਫ਼ਾਇਦਾ ਇਹ ਜਥੇਬੰਦੀ ਚੁੱਕ ਕੇ ਆਪਣੇ ਦਹਿਸ਼ਤਗਰਦਾਂ ਦੀ ਘੁਸਪੈਠ ਕਰਵਾਉਣਾ ਚਾਹੁੰਦੀ ਹੈ। ਸਾਲ 2016 ’ਚ ਵੀ ਪਾਕਿਸਤਾਨ ਵੱਲੋਂ ਖੇਤਰ ਰਾਹੀਂ ਜੈਸ਼-ਏ-ਮੁਹੰਮਦ ਜਥੇਬੰਦੀ ਦੇ ਦਹਿਸ਼ਤਗਰਦ ਦਾਖ਼ਲ ਹੋਏ ਸਨ, ਜੋ ਪਠਾਨਕੋਟ ਏਅਰਬੇਸ ਅੰਦਰ ਪੁੱਜਣ ਵਿੱਚ ਸਫ਼ਲ ਹੋ ਗਏ ਸਨ। ਉਸ ਵੇਲੇ ਉਨ੍ਹਾਂ ਦਾ ਖ਼ਾਤਮਾ ਕਰਨ ਵਿੱਚ ਭਾਰਤੀ ਫ਼ੌਜ ਅਤੇ ਦਿੱਲੀ ਤੋਂ ਸਪੈਸ਼ਲ ਕਮਾਂਡੋ ਬੁਲਾਉਣੇ ਪਏ ਸਨ। ਭਾਰਤ ਦੀ ਸੂਹੀਆ ਏਜੰਸੀ ਨੇ ਇਸ ਬਾਰੇ ਬਾਕਾਇਦਾ ਜਾਣਕਾਰੀ ਵੀ ਦਿੱਤੀ ਹੈ ਕਿ ਜੈਸ਼-ਏ-ਮੁਹੰਮਦ ਦੇ 4-5 ਦਹਿਸ਼ਤਗਰਦ ਇੱਥੇ ਘੁਸਪੈਠ ਕਰਨ ਦੀ ਤਾਕ ਵਿੱਚ ਹਨ।
ਅੰਮ੍ਰਿਤਸਰ (ਟਨਸ): ਸੰਘਣੀ ਧੁੰਦ ਦੌਰਾਨ ਬੀਐੱਸਐੱਫ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਨੇਸ਼ਠਾ ਕੋਲੋਂ ਖੇਤਾਂ ਵਿੱਚੋਂ ਇੱਕ ਡਰੋਨ ਮਿਲਿਆ ਹੈ ਜਦੋਂਕਿ ਇੱਕ ਪੈਕੇਟ ਹੈਰੋਇਨ ਵੀ ਕਿਸੇ ਹੋਰ ਪਿੰਡ ’ਚੋਂ ਬਰਾਮਦ ਹੋਈ ਹੈ।
ਪੁਲੀਸ ਜਵਾਨ ਅਤੇ ਕਮਾਂਡੋਜ਼ ਰੱਖ ਰਹੇ ਹਨ ਤਿੱਖੀ ਨਜ਼ਰ: ਥਾਣਾ ਮੁਖੀ
ਨਰੋਟ ਜੈਮਲ ਸਿੰਘ ਦੇ ਥਾਣਾ ਮੁਖੀ ਅੰਗਰੇਜ਼ ਸਿੰਘ ਨੇ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਸਰਹੱਦੀ ਖੇਤਰ ਵਿੱਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ ਅਤੇ ਪੁਲੀਸ ਜਵਾਨਾਂ ਤੇ ਕਮਾਂਡੋਜ਼ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਖੇਤਾਂ ’ਚੋਂ ਹੈਰੋਇਨ ਅਤੇ ਡਰੋਨ ਬਰਾਮਦ
ਤਰਨ ਤਾਰਨ (ਗੁਰਬਖਸ਼ਪੁਰੀ): ਪੰਜਾਬ ਪੁਲੀਸ ਅਤੇ ਬੀਐੱਸਐੱਫ ਨੇ ਅੱਜ ਸਰਹੱਦੀ ਖੇਤਰ ਦੇ ਪਿੰਡ ਡੱਲ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ 532 ਗ੍ਰਾਮ ਹੈਰੋਇਨ ਅਤੇ ਡਰੋਨ ਬਰਾਮਦ ਕੀਤਾ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਇਹ ਹੈਰੋਇਨ ਡਰੋਨ ਰਾਹੀਂ ਪਾਕਿਸਤਾਨ ਵਾਲੇ ਪਾਸਿਓਂ ਮੰਗਵਾਈ ਗਈ ਸੀ, ਜਿਸ ਦੀ ਜਾਣਕਾਰੀ ਮਿਲਣ ’ਤੇ ਪੰਜਾਬ ਪੁਲੀਸ ਅਤੇ ਬੀਐੱਸਐੱਫ ਨੇ ਸਾਂਝੇ ਤੌਰ ’ਤੇ ਤਲਾਸ਼ੀ ਮੁਹਿੰਮ ਚਲਾਈ। ਨਸ਼ੀਲੇ ਪਦਾਰਥ ਮੰਗਵਾਉਣ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਖਾਲੜਾ ਪੁਲੀਸ ਨੇ ਦੋ ਕੇਸ ਦਰਜ ਕੀਤੇ ਹਨ|