ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 16 ਨਵੰਬਰ
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਦੇ ਇਕ ਵਫ਼ਦ ਨੇ ਜ਼ਿਲ੍ਹਾ ਰਾਜਿੰਦਰ ਜੈਦਕਾ ਅਤੇ ਸੀਨਅਰ ਮੀਤ ਪ੍ਰਧਾਨ ਦਲਜਿੰਦਰ ਸਿੰਘ ਕਲਸੀ ਦੀ ਅਗਵਾਈ ਹੇਠ ਵਿਸ਼ਵ ਪ੍ਰੈੱਸ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਵਿਧਾਇਕ ਮਾਲੇਰਕੋਟਲਾ ਡਾ. ਮੁਹੰਮਦ ਜਮੀਲ-ਉਰ ਰਹਿਮਾਨ ਨੂੰ ਇੱਕ ਪੱਤਰ ਸੌਂਪਿਆ। ਵਫ਼ਦ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਡੈਸਕ ਸਟਾਫ ਨੂੰ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ, ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਡੈਸਟ ਸਟਾਫ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਹਰਿਆਣਾ ਪੈਟਰਨ ’ਤੇ ਦਿੱਤੀ ਜਾਵੇ, ਪੱਤਰਕਾਰਾਂ ਲਈ ਸਹਾਇਤਾ ਫੰਡ ਕਾਇਮ ਕੀਤਾ ਜਾਵੇ, ਚੰਡੀਗੜ੍ਹ ਸਥਿਤ ਪੱਤਰਕਾਰਾਂ ਲਈ ਮਕਾਨਾਂ ਦਾ ਕੋਟਾ 15 ਤੋਂ ਵਧਾ ਕੇ 50 ਕੀਤਾ ਜਾਵੇ, ਜ਼ਿਲ੍ਹਿਆਂ ਵਿੱਚ ਵੀ ਪੱਤਰਕਾਰਾਂ ਨੂੰ ਸਰਕਾਰੀ ਰਿਹਾਇਸ਼ ਦਿੱਤੀ ਜਾਵੇ, ਪੰਜਾਬ ਭਵਨ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਅਲਾਟ ਕੀਤੇ ਜਾਣ ਵਾਲੇ ਕਮਰਿਆਂ ਦੀ ਗਿਣਤੀ ਵਧਾ ਕੇ 6 ਕੀਤੀ ਜਾਵੇ, ਜ਼ਿਲ੍ਹਿਆਂ ਵਿੱਚ ਵੀ ਪੱਤਰਕਾਰਾਂ ਨੂੰ ਮਕਾਨਾਂ, ਫਲੈਟਾਂ ਲਈ ਸਸਤੀਆਂ ਦਰਾਂ ਉੱਤੇ ਜ਼ਮੀਨ ਦਿੱਤੀ ਜਾਵੇ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਅਦਾਰਿਆਂ ਦੇ ਨਿਊਜ਼ ਟੇਬਲਾਂ ਉੱਤੇ ਕੰਮ ਕਰਦੇ ਮੀਡੀਆ ਕਰਮੀਆਂ ਨੂੰ ਵੀ ਫੀਲਡ ਪੱਤਰਕਾਰਾਂ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, ਸਰਬੱਤ ਸਿਹਤ ਬੀਮਾ ਯੋਜਨਾ ਸਾਰੇ ਪੱਤਰਕਾਰਾਂ ’ਤੇ ਲਾਗੂ ਕੀਤੀ ਜਾਵੇ, ਫੀਲਡ ਵਿਚ ਕੰਮ ਕਰਨ ਵਾਲੇ ਜਾਇਜ਼ ਪੱਤਰਕਾਰਾਂ ਨੂੰ ਲੋਕ ਸੰਪਰਕ ਵਿਭਾਗ ਵੱਲੋਂ ਪੀਲੇ ਕਾਰਡ ਜਾਰੀ ਕੀਤੇ ਜਾਣ ਸਬੰਧੀ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਪੱਕੀ ਵਿਵਸਥਾ ਕੀਤੀ ਜਾਵੇ। ਉਧਰ, ਵਿਸ਼ਵ ਪ੍ਰੈੱਸ ਦਿਵਸ ਮੌਕੇ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਸਮੁੱਚੇ ਮੀਡੀਆ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੀਡੀਆ ਸਾਡੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾਹੈ।